notice issued four officers: ਲੁਧਿਆਣਾ (ਤਰਸੇਮ ਭਾਰਦਵਾਜ)- ਜਗਰਾਓ ਪੁਲ ਦੇ ਦੋਵਾਂ ਪਾਸਿਓ ਅਪ੍ਰੋਚ ਰੋਡ ਚੌੜਾ ਕਰਨ ਅਤੇ ਰਿਟੇਨਿੰਗ ਵਾਲ ਬਣਾਉਣ ਦੇ ਓਵਰ ਐਸਟੀਮੇਟ ਤਿਆਰ ਕੀਤੇ ਜਾਣ ਦੇ ਮਾਮਲੇ ‘ਚ ਨਿਗਮ ਨੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਮੇਅਰ ਬਲਕਾਰ ਸਿੰਘ ਸੰਧੂ ਨੇ ਇਸ ਮਾਮਲੇ ਦੀ ਜਾਂਚ ਐਡੀਸ਼ਨਲ ਕਮਿਸ਼ਨਰ ਰਿਸ਼ੀਪਾਲ ਸਿੰਘ ਨੂੰ ਸੌਂਪੀ ਹੈ। ਐਡੀਸ਼ਨਲ ਕਮਿਸ਼ਨਰ ਨੇ ਐਸਟੀਮੇਟ ਤਿਆਰ ਕਰਨ ਵਾਲੇ ਬੀ.ਐਂਡ.ਆਰ ਬ੍ਰਾਂਚ ਦੇ 4 ਅਫਸਰਾਂ ਨੂੰ ਸ਼ੋ ਕਾਜ ਨੋਟਿਸ (ਕਾਰਨ ਦੱਸੋ ਨੋਟਿਸ) ਜਾਰੀ ਕੀਤਾ ਗਿਆ। ਅਫਸਰਾਂ ਨੇ ਹੁਣ ਤੱਕ ਨੋਟਿਸ ਦਾ ਜਵਾਬ ਨਹੀਂ ਦਿੱਤਾ ਹੈ। ਅਫਸਰਾਂ ਦੇ ਜਵਾਬ ਤੋਂ ਬਾਅਦ ਹੀ ਅੱਗੇ ਦੀ ਜਾਂਚ ਹੋ ਸਕੇਗੀ। ਐਡੀਸ਼ਨਲ ਕਮਿਸ਼ਨਰ ਰਿਸ਼ੀਪਾਲ ਨੇ ਐਸਟੀਮੇਟ ਤਿਆਰ ਕਰਨ ਵਾਲੇ ਤਤਕਾਲੀਨ ਸੁਪਰਡੈਂਟ ਇੰਜੀਨੀਅਰ ਐੱਚ.ਐੱਸ.ਭੁੱਲਰ ਅਤੇ ਵਰਤਮਾਨ ਸੁਪਰਡੈਂਟ ਇੰਜੀਨੀਅਰ ਰਾਹੁਲ ਗਗਨੇਜਾ ਸਮੇਤ ਕੁਲ 4 ਅਫਸਰਾਂ ਨੂੰ ਨੋਟਿਸ ਦੇ ਕੇ ਜਵਾਬ ਮੰਗੇ। ਐੱਚ.ਐੱਸ ਭੁੱਲਰ ਦਾ ਲੁਧਿਆਣਾ ਤੋਂ ਤਬਾਦਲਾ ਹੋ ਚੁੱਕਾ ਹੈ, ਜਦਕਿ ਰਾਹੁਲ ਗਗਨੇਜਾ ਦੀ ਦੇਖ-ਰੇਖ ‘ਚ ਹੀ ਰਿਟੇਨਿੰਗ ਵਾਲ ਅਤੇ ਅਪ੍ਰੋਚ ਰੋਡ ਦਾ ਕੰਮ ਕੀਤਾ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਕੰਟ੍ਰੈਕਟਰ ਨੇ 4 ਦਿਨ ਕੰਮ ਬੰਦ ਕਰ ਦਿੱਤਾ ਸੀ, ਜਿਸ ਤੋਂ ਬਾਅਦ ਮੇਅਰ ਬਲਕਾਰ ਸਿੰਘ ਸੰਧੂ ਅਤੇ ਨਿਗਮ ਕਮਿਸ਼ਨਰ ਪ੍ਰਦੀਪ ਸਭਰਵਾਲ ਮੌਕੇ ‘ਤੇ ਪਹੁੰਚੇ ਸੀ। ਇਸ ਤੋਂ ਬਾਅਦ ਮੇਅਰ ਨੇ ਪੀ.ਏ.ਯੂ ਅਤੇ ਜੀ.ਐੱਨ.ਈ ਦੇ 2 ਇੰਜੀਨੀਅਰ ਹਾਇਰ ਕਰ ਇਸ ਦਾ ਐਸਟੀਮੇਟ ਤਿਆਰ ਕਰਵਾਇਆ ਸੀ, ਜੋ ਕਿ ਨਿਗਮ ਅਫਸਰਾਂ ਦੇ ਤਿਆਰ ਕੀਤੇ ਗਏ ਐਸਟੀਮੇਟ ਤੋਂ ਲਗਭਗ 70 ਲੱਖ ਰੁਪਏ ਘੱਟ ਸੀ। ਇਸ ਤੋਂ ਬਾਅਦ ਮੇਅਰ ਨੇ ਅਫਸਰਾਂ ਨੂੰ ਫਟਕਾਰ ਲਾਈ ਅਤੇ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ। ਮੇਅਰ ਨੇ ਇਹ ਵੀ ਦੱਸਿਆ ਹੈ ਕਿ ਜਾਂਚ ਐਡੀਸ਼ਨਲ ਕਮਿਸ਼ਨਰ ਨੂੰ ਸੌਂਪੀ ਸੀ।