Officers Ashok Kumar inspect roads: ਲੁਧਿਆਣਾ (ਤਰਸੇਮ ਭਾਰਦਵਾਜ)-ਸਮਾਰਟ ਸਿਟੀ ਦੇ ਨਾਂ ਨਾਲ ਜਾਣੇ ਜਾਂਦੇ ਸ਼ਹਿਰ ਲੁਧਿਆਣਾ ਦੀ ਗੱਲ ਕਰੀਏ ਤਾਂ ਇੱਥੇ ਸੜਕਾਂ ਦੀ ਹਾਲਤ ਪ੍ਰਸ਼ਾਸਨ ਦੀਆਂ ਪੋਲਾਂ ਖੋਲ ਰਹੀ ਹੈ। ਜਾਣਕਾਰੀ ਮੁਤਾਬਕ ਅੱਜ ਚੰਡੀਗੜ੍ਹ ਤੋਂ ਅਧਿਕਾਰੀ ਅਸ਼ੋਕ ਕੁਮਾਰ ਗੋਇਲ ਟੀਮ ਸਮੇਤ ਇੱਥੇ ਪਹੁੰਚੇ ਅਤੇ ਸੜਕਾਂ ਦੀ ਖਸਤਾ ਹਾਲਤ ਦਾ ਮੁਆਇਨਾ ਕੀਤਾ।
ਇਸ ਸਬੰਧੀ ਗੱਲਬਾਤ ਕਰਦੇ ਹੋਏ ਅਧਿਕਾਰੀ ਅਸ਼ੋਕ ਕੁਮਾਰ ਗੋਇਲ ਨੇ ਦੱਸਿਆ ਕਿ ਇਹ ਸੜਕਾਂ ਪ੍ਰਧਾਨ ਮੰਤਰੀ ਯੋਜਨਾ ਤਹਿਤ ਬਣੀਆਂ ਹਨ। ਅੱਜ ਸਾਡੇ ਚੰਡੀਗੜ੍ਹ ਤੋਂ ਟੀਮ ਆਈ ਹੈ, ਜੋ ਕਿ ਸੜਕਾਂ ਦੀ ਜਾਂਚ ਪੜਤਾਲ ਕਰ ਰਹੇ ਹਨ। ਇੰਨਾ ਹੀ ਨਹੀਂ ਸੜਕਾਂ ‘ਚ ਪਾਏ ਗਏ ਮਟੀਰੀਅਲ ਦੀ ਜਾਂਚ ਪੜਤਾਲ ਕੀਤੀ ਜਾਵੇਗੀ। ਇਸ ਮਾਮਲੇ ‘ਚ ਜੋ ਵੀ ਕੋਈ ਦੋਸ਼ੀ ਪਾਇਆ ਜਾਵੇਗਾ।ਉਸ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਜਿਸ ਠੇਕੇਦਾਰ ਕੋਲ ਇਸ ਸੜਕ ਦਾ ਐਗਰੀਮੈਂਟ ਹੈ, ਉਸ ਤੋਂ ਜਾਂਚ ਪੜਤਾਲ ਕਰਕੇ ਐਗਰੀਮੈਂਟ ਕੈਸਲ ਵੀ ਹੋ ਸਕਦਾ ਹੈ।
ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਯੋਜਨਾ ਤਹਿਤ ਬਣੀਆਂ ਸੜਕਾਂ ਤਹਿਤ ਲੁਧਿਆਣਾ ਦੇ ਰਾਹੋਂ ਰੋਡ ਦੇ ਅਧੀਨ ਪੈਂਦੇ ਪਿੰਡਾਂ ‘ਚ ਸੜਕਾਂ ਦੀ ਹਾਲਤ ਬਹੁਤ ਹੀ ਖਸਤਾ ਹੈ, ਜਿਵੇਂ ਕਿ ਪਿੰਡ ਕਾਸਾਬਾਦ, ਸੁਜਾਤਵਾਲਾ, ਕਨੀਜਾ ਬਾਜੜਾ ਅਤੇ ਹੋਰ ਨਾਲ ਲੱਗਦੇ ਪਿੰਡ ਹਨ। ਖਰਾਬ ਸੜਕਾਂ ਕਾਰਨ ਰਾਹਗੀਰ ਅਤੇ ਪਿੰਡਵਾਸੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।