Paddy crop arrives Ludhiana mandi: ਲੁਧਿਆਣਾ (ਤਰਸੇਮ ਭਾਰਦਵਾਜ)- ਮਾਰਕੀਟ ਕਮੇਟੀ ਲੁਧਿਆਣਾ ਦੇ ਅਧੀਨ ਪੈਂਦੀਆਂ ਦਾਣਾ ਮੰਡੀਆਂ ਵਿਚ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਹੋ ਗਈ ਹੈ। ਮੰਡੀਆਂ ‘ਚ ਕੁੱਲ 2800 ਕੁਇੰਟਲ ਝੋਨੇ ਦੀ ਆਮਦ ਹੋਈ ਹੈ, ਜਿਸ ‘ਚੋਂ ਅੱਜ 1550 ਕੁਇੰਟਲ ਝੋਨੇ ਦੀ ਫ਼ਸਲ ਦੀ ਖ਼ਰੀਦ ਕੀਤੀ ਗਈ ਹੈ।
ਮਾਰਕੀਟ ਕਮੇਟੀ ਲੁਧਿਆਣਾ ਦੀ ਸਲੇਮ ਟਾਬਰੀ ਦਾਣਾ ਮੰਡੀ ‘ਚ ਅੱਜ ਤੱਕ 2 ਹਜ਼ਾਰ ਕੁਇੰਟਲ, ਖਾਸੀ ਕਲਾਂ ਮੰਡੀ ‘ਚ 700 ਕੁਇੰਟਲ ਤੇ ਮੱਤੇਵਾੜਾ ਮੰਡੀ ‘ਚ 100 ਕੁਇੰਟਲ ਕਣਕ ਦੀ ਆਮਦ ਹੋਈ ਹੈ, ਜਿਸ ‘ਚੋਂ ਅੱਜ ਪਨਗ੍ਰੇਨ ਨੇ 800 ਕੁਇੰਟਨ ਤੇ ਪਨਸਪ ਨੇ 750 ਕੁਇੰਟਨ ਝੋਨੇ ਦੀ ਖ਼ਰੀਦ ਕੀਤੀ ਹੈ। ਸਲੇਮ ਟਾਬਰੀ ਦਾਣਾ ਮੰਡੀ ‘ਚ 750 ਕੁਇੰਟਲ, ਖਾਂਸੀ ਕਲਾਂ ‘ਚ 400 ਕੁਇੰਟਲ ਤੇ ਮੱਤੇਵਾੜਾਂ ‘ਚ 100 ਕੁਇੰਟਲ ਝੋਨੇ ਦੀ ਖ਼ਰੀਦ ਹਾਲੇ ਬਾਕੀ ਹੈ। ਇਸੇ ਤਰ੍ਹਾਂ ਸਲੇਮ ਟਾਬਰੀ ਦਾਣਾ ਮੰਡੀ ‘ਚ 1250 ਕੁਇੰਟਲ ਤੇ ਖਾਂਸੀ ਕਲਾਂ ਮੰਡੀ ‘ਚ 300 ਕੁਇੰਟਨ ਝੋਨੇ ਦੀ ਚੁਕਾਈ ਬਾਕੀ ਹੈ। ਮਾਰਕੀਟ ਕਮੇਟੀ ਦੀ ਦਾਣਾ ਮੰਡੀ ਗਿੱਲ ਰੋਡ, ਲਲਤੋਂ ਕਲਾਂ, ਇਯਾਲੀ ਖੁਰਦ, ਬੱਗਾ ਖੁਰਦ, ਧਾਂਦਰਾ ਵਿਖੇ ਅੱਜ ਤੱਕ ਇਕ ਵੀ ਦਾਣਾ ਝੋਨੇ ਦਾ ਨਹੀਂ ਆਇਆ।
ਮਾਰਕੀਟ ਕਮੇਟੀ ਲੁਧਿਆਣਾ ਦੇ ਸਕੱਤਰ ਵਿਨੋਦ ਸ਼ਰਮਾ ਨੇ ਕਿਹਾ ਕਿ ਝੋਨੇ ਦੀ ਸਰਕਾਰੀ ਖ਼ਰੀਦ ਦੀ ਅੱਜ ਸ਼ੁਰੂਆਤ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ‘ਚ ਝੋਨੇ ਦੀ ਸੁਚੱਜੇ ਖ਼ਰੀਦ ਕਰਨ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ ਅਤੇ ਮੰਡੀਆਂ ‘ਚ ਕੋਰੋਨਾ ਮਹਾਮਾਰੀ ਕਰਕੇ ਸਮਾਜਿਕ ਦੂਰੀ, ਮਾਸਕ ਪਾਉਣ, ਵਾਰ-ਵਾਰ ਹੱਥ ਧੋਣ ਸਮੇਂ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ‘ਚ ਮਾਰਕੀਟ ਕਮੇਟੀ ਤੇ ਵੱਖ-ਵੱਖ ਖ਼ਰੀਦ ਏਜੰਸੀਆਂ ਦਾ ਸਟਾਫ਼ ਮੌਜੂਦਾ ਹੈ, ਜੇਕਰ ਕਿਸੇ ਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਉਸ ਨਾਲ ਸੰਪਰਕ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮੰਡੀਆਂ ‘ਚ ਕਿਸੇ ਕਿਸਾਨ ਜਾਂ ਹੋਰ ਵਿਅਕਤੀ ਦੀ ਸਮੱਸਿਆ ਦਾ ਹੱਲ ਨਹੀਂ ਹੁੰਦਾ ਤਾਂ ਉਹ ਉਨ੍ਹਾਂ ਦੇ ਨਾਲ ਸੰਪਰਕ ਕਰ ਸਕਦਾ ਹੈ।