Paddy procurement Punjab mandi: ਲੁਧਿਆਣਾ (ਤਰਸੇਮ ਭਾਰਦਵਾਜ)-ਭਾਵੇਂ ਇਸ ਵਾਰ ਕੋਰੋਨਾ ਮਹਾਮਾਰੀ ਦਾ ਦੌਰ ਚੱਲ ਰਿਹਾ ਸੀ ਪਰ ਫਿਰ ਵੀ ਸੂਬੇ ਭਰ ਦੀਆਂ ਮੰਡੀਆਂ ‘ਚ 27 ਸਤੰਬਰ ਨੂੰ ਝੋਨੇ ਦੀ ਫਸਲ ਦੀ ਖਰੀਦ ਸ਼ੁਰੂ ਹੋ ਗਈ ਸੀ। ਇਸ ਦੇ ਮੱਦੇਨਜ਼ਰ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਹੈ ਕਿ ਸੂਬੇ ‘ਚ ਝੋਨੇ ਦੀ ਖਰੀਦ ਅਤੇ ਚੁਕਾਈ ਦੀ ਪ੍ਰਕਿਰਿਆ ਸੁਚਾਰੂ ਢੰਗ ਨਾਲ ਚੱਲ ਰਹੀ ਹੈ ਅਤੇ 10 ਅਕਤੂਬਰ 2020 ਤੱਕ ਮੰਡੀਆਂ ‘ਚੋਂ ਕੁੱਲ 12.58 ਲੱਖ ਮੀਟ੍ਰਿਕ ਟਨ ਝੋਨੇ ਦੀ ਚੁਕਾਈ ਕੀਤੀ ਗਈ ਹੈ।
ਕੈਬਨਿਟ ਮੰਤਰੀ ਆਸ਼ੂ ਨੇ ਦੱਸਿਆ ਹੈ ਕਿ ਸੂਬੇ ਦੀਆਂ ਚਾਰ ਖਰੀਦ ਏਜੰਸੀਆਂ ਪਨਗ੍ਰੇਨ, ਮਾਰਕਫੈੱਡ, ਪਨਸਪ ਤੇ ਪੀ.ਐਸ.ਡਬਲਿਊ.ਸੀ ਅਤੇ ਭਾਰਤੀ ਖ਼ੁਰਾਕ ਨਿਗਮ (ਐਫ.ਸੀ.ਆਈ.) ਭਾਰਤ ਸਰਕਾਰ ਵੱਲੋਂ ਨਿਰਧਾਰਤ ਕੀਤੇ ਅਨੁਸਾਰ ਘੱਟੋ ਘੱਟ ਸਮਰਥਨ ਮੁੱਲ 1888 ਰੁਪਏ ਪ੍ਰਤੀ ਕਇੰਟਲ ਦੇ ਹਿਸਾਬ ਨਾਲ ‘ਗ੍ਰੇਡ ਏ’ ਦੇ ਝੋਨੇ ਦੀ ਖ਼ਰੀਦ ਕਰ ਰਹੀਆਂ ਹਨ। ਉਨ੍ਹਾਂ ਨੇ ਕਿਹਾ ਹੈ ਕਿ ‘‘ਸੂਬੇ ਦੀਆਂ ਮੰਡੀਆਂ ‘ਚ 10 ਅਕਤੂਬਰ ਤੱਕ ਕੁੱਲ 23.38 ਲੱਖ ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ, ਜਿਸ ‘ਚੋਂ 22.62 ਲੱਖ ਮੀਟ੍ਰਿਕ ਟਨ ਝੋਨਾ ਸਰਕਾਰੀ ਏਜੰਸੀਆਂ ਅਤੇ 0.13 ਲੱਖ ਮੀਟ੍ਰਿਕ ਟਨ ਝੋਨਾ ਪ੍ਰਾਈਵੇਟ ਵਪਾਰੀਆਂ ਵੱਲੋਂ ਖਰੀਦਿਆ ਗਿਆ ਹੈ।
ਕੈਬਨਿਟ ਮੰਤਰੀ ਆਸ਼ੂ ਨੇ ਕਿਹਾ ਕਿ ਝੋਨੇ ਦੀ ਨਿਰਵਿਘਨ ਖਰੀਦ, ਚੁਕਾਈ ਅਤੇ ਅਦਾਇਗੀ ਨੂੰ ਯਕੀਨੀ ਬਣਾਉਣ ਲਈ ਸਾਰੀਆਂ ਖਰੀਦ ਏਜੰਸੀਆਂ ਵੱਲੋਂ ਵਿਆਪਕ ਪ੍ਰਬੰਧ ਅਤੇ ਯਤਨ ਕੀਤੇ ਜਾ ਰਹੇ ਹਨ, ਤਾਂ ਜੋ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ‘ਚ ਕੋਈ ਮੁਸ਼ਕਿਲ ਦਰਪੇਸ਼ ਨਾਲ ਆਵੇ।ਉਨ੍ਹਾਂ ਨੇ ਕਿਸਾਨਾਂ ਨੂੰ ਸਾਰੇ ਸਿਹਤ ਪ੍ਰੋਟੋਕਾਲਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਤਾਂ ਜੋ ਕੋਵਿਡ-19 ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਫ਼ਸਲ ਦੀ ਨਿਰਵਿਘਨ ਖ਼ਰੀਦ ਲਈ ਸਾਰੀਆਂ 4221 ਮੰਡੀਆਂ ਅਤੇ ਖਰੀਦ ਕੇਂਦਰ ਕਾਰਜਸ਼ੀਲ ਹਨ।