patwari arrested bribe vigilance bureau: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ‘ਚ ਵਿਜੀਲੈਂਸ ਵਿਭਾਗ ਨੇ ਇਕ ਪਟਵਾਰੀ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਇਕ ਪ੍ਰਾਪਰਟੀ ਦਾ 30 ਸਾਲਾ ਰਿਕਾਰਡ ਦੇਣ ਬਦਲੇ ਪਟਵਾਰੀ ਨੇ ਇਹ ਰਿਸ਼ਵਤ ਲਈ ਹੈ। ਮੁਲਜ਼ਮ ਖਿਲਾਫ ਕਰੱਪਸ਼ਨ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਉਸ ਦੀ ਜਾਇਦਾਦ ਦੀ ਛਾਣਬੀਣ ਕੀਤੀ ਜਾ ਰਹੀ ਹੈ। ਮੁਲਜ਼ਮ ਨੂੰ ਅੱਜ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।
ਐੱਸ.ਪੀ ਵਿਜ਼ੀਲੈਸ ਅਮਰਜੀਤ ਸਿੰਘ ਬਾਜਵਾ ਨੇ ਦੱਸਿਆ ਹੈ ਕਿ ਦੋਸ਼ੀ ਦੀ ਪਛਾਣ ਹਲਕਾ ਜੱਸੀਆਂ ਦੇ ਪਟਵਾਰੀ ਹਰਦੀਪ ਸਿੰਘ ਦੇ ਨਾਂ ਨਾਲ ਹੋਈ ਹੈ। ਵਿਜ਼ੀਲੈਂਸ ਵਿਭਾਗ ਨੇ ਭੁਪੇਸ਼ ਜੋਸ਼ੀ ਦੀ ਸ਼ਿਕਾਇਤ ‘ਤੇ ਉਸ ਖਿਲਾਫ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਉਹ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ। ਉਨ੍ਹਾਂ ਨੇ ਜੱਸੀਆਂ ਰੋਡ ਦੀ ਤਰਸੇਮ ਕਾਲੋਨੀ ‘ਚ ਆਪਣੀ ਮਾਂ ਰੇਵਤੀ ਦੇਵੀ ਦੇ ਨਾਂ ‘ਤੇ 22 ਵਰਗ ਗਜ ਦਾ ਪਲਾਟ ਦੁਕਾਨ ਲਈ ਖਰੀਦਿਆਂ ਸੀ। ਉਸ ਪਲਾਟ ‘ਤੇ ਦੁਕਾਨ ਦਾ ਨਿਰਮਾਣ ਕਰਵਾਉਣ ਲਈ ਉਨ੍ਹਾਂ ਨੇ ਫਿਰੋਜਗਾਂਧੀ ਮਾਰਕੀਟ ਸਥਿਤ ਐੱਲ.ਐੱਨ.ਟੀ ਫਾਇਨਾਂਸ ਲਿਮਟਿਡ ਤੋਂ ਲੋਨ ਲੈਣਾ ਸੀ। ਉਸ ਸਬੰਧੀ ਜਦੋਂ ਉਹ ਫਾਇਨਾਂਸ ਕੰਪਨੀ ਦੇ ਅਧਿਕਾਰੀ ਨੂੰ ਮਿਲਿਆ ਤਾਂ ਉਸ ਨੇ ਆਧਾਰ ਕਾਰਡ, ਪੈਨ ਕਾਰਡ ਅਤੇ ਦੁਕਾਨ ਦੀ ਮਾਲਕੀ ਸਬੰਧੀ ਪਟਵਾਰੀ ਤੋਂ 30 ਸਾਲ ਦਾ ਰਿਕਾਰਡ ਮੰਗਿਆ ਸੀ। ਇਸ ਦੇ ਚੱਲਦਿਆਂ 24 ਦਸੰਬਰ ਨੂੰ ਉਹ ਹਲਕਾ ਪਟਵਾਰੀ ਹਰਦੀਪ ਸਿੰਘ ਨੂੰ ਮਿਲਿਆ। ਉਸ ਨੂੰ ਪਲਾਟ ਦੀ ਰਜਿਸਟਰੀ ਦੀ ਫੋਟੋ ਸਟੇਟ ਦੇ ਕੇ 30 ਸਾਲ ਦੀ ਮਾਲਕੀ ਨੂੰ ਲੈ ਕੇ ਫਰਦ ਦੇਣ ਦੀ ਮੰਗ ਕੀਤੀ। ਇਸ ਦੇ ਬਦਲੇ ‘ਚ ਉਸ ਨੇ 6 ਹਜ਼ਾਰ ਰੁਪਏ ਮੰਗੇ। ਸੌਦਾ ਪੰਜ ਹਜ਼ਾਰ ਰੁਪਏ ‘ਚ ਤੈਅ ਹੋ ਗਿਆ। ਉਹ ਪਟਵਾਰੀ ਨੂੰ ਰਿਸ਼ਵਤ ਦੇਣਾ ਨਹੀਂ ਚਾਹੁੰਦੇ ਸੀ। ਇਸ ਲਈ ਉਨ੍ਹਾਂ ਨੇ ਮਾਮਲੇ ਦੀ ਸ਼ਿਕਾਇਤ ਵਿਜ਼ੀਲੈਂਸ ਬਿਊਰੋ ਨੂੰ ਦਿੱਤੀ। ਬਿਊਰੋ ਨੇ ਮੰਗਲਵਾਰ ਉਸ ਨੂੰ ਟ੍ਰੈਪ ਲਾ ਕੇ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ।
ਇਹ ਵੀ ਦੇਖੋ–