PAU launch special app farmers: ਲੁਧਿਆਣਾ (ਤਰਸੇਮ ਭਾਰਦਵਾਜ)- ਕੋਰੋਨਾ ਮਹਾਮਾਰੀ ਦੌਰਾਨ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ ਹੈ। ਜਾਣਕਾਰੀ ਮੁਤਾਬਕ ਹੁਣ ਕਿਸਾਨਾਂ ਨੂੰ ਬੀਜ ਖਰੀਦਣ ਲਈ ਭਟਕਣ ਦੀ ਲੋੜ ਨਹੀਂ ਹੈ ਕਿਉਂਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਇਕ ਚੰਗੀ ਪਹਿਲਕਦਮੀ ਕੀਤੀ ਹੈ। ਦਰਅਸਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ‘ਫਾਰਮ ਇਨਪੁਟਸ’ ਨਾਂ ਨਾਲ ਅਜਿਹਾ ਐਪ ਤਿਆਰ ਕੀਤਾ ਗਿਆ ਹੈ, ਜਿਸ ਦੀ ਮਦਦ ਨਾਲ ਕਿਸਾਨ ਘਰ ਬੈਠੇ ਹੀ ਵੱਖਰੀਆਂ-ਵੱਖਰੀਆਂ ਫਸਲਾਂ ਦੇ ਬੀਜ ਬੁੱਕ ਕਰਵਾ ਸਕਣਗੇ। ਉਨ੍ਹਾਂ ਨੂੰ ਬੀਜ ਬੁਕਿੰਗ ਲਈ ਹੁਣ ਬੀਜ ਸੈਂਟਰ ਨਹੀਂ ਜਾਣਾ ਪਵੇਗਾ। ਦੱਸ ਦੇਈਏ ਕਿ ਯੂਨੀਵਰਸਿਟੀ ਵੱਲੋਂ ਤਿਆਰ ਕੀਤੇ ਗਏ ਇਸ ਐਪ ਨੂੰ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।
ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਹ ਐਪ ਕਿਸਾਨਾਂ ਲਈ ਬਹੁਤ ਫਾਇਦੇਮੰਦ ਹੋਵੇਗੀ। ਉਨ੍ਹਾਂ ਨੇ ਦੱਸਿਆ ਹੈ ਕਿ ਕਿਸਾਨ ਇਸ ਐਪ ਨੂੰ ਡਾਊਨਲੋਡ ਕਰਨਗੇ ਤਾਂ ਵੱਖਰੀ-ਵੱਖਰੀ ਆਪਸ਼ਨਾਂ ਮਿਲਣਗੀਆਂ। ਐਪ ‘ਚ ਪੀ.ਏ.ਯੂ ਦੇ ਸਾਰੇ ਬੀਜ ਕੇਂਦਰਾਂ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਕਿਸ ਬੀਜ ਕੇਂਦਰ ‘ਚ ਅਨਾਜ, ਸਬਜ਼ੀਆਂ, ਚਾਰੇ ਆਦਿ ਦੀ ਕਿਹੜੀ-ਕਿਹੜੀ ਕਿਸਮ ਮੌਜੂਦ ਹੈ, ਉਸ ਦੀ ਜਾਣਕਾਰੀ ਵੀ ਦਿੱਤੀ ਗਈ ਹੈ। ਕਿਸਾਨ ਆਪਣੀ ਪਸੰਦ ਦੇ ਅਨੁਸਾਰ ਕਿਸਮ ਦੀ ਚੋਣ ਕਰ ਕੇ ਬੀਜ ਬੁੱਕ ਕਰਵਾ ਸਕਦੇ ਹਨ। ਬੀਜ ਕਿੰਨੀ ਮਾਤਰਾ ‘ਚ ਲੈਣਾ ਹੈ, ਉਸ ਦੀ ਆਪਸ਼ਨ ਹੈ, ਜਿਵੇਂ ਹੀ ਕਿਸਾਨ ਬੀਜ ਦੀ ਬੁਕਿੰਗ ਕਰਨਗੇ, ਤਾਂ ਫੋਨ ‘ਤੇ ਉਨ੍ਹਾਂ ਨੂੰ ਇਕ ਮੈਸੇਜ ਆਵੇਗਾ ਕਿ ਉਹ ਕਿਸ ਤਾਰੀਕ ਨੂੰ ਆ ਕੇ ਬੀਜ ਲਿਜਾ ਸਕਦੇ ਹਨ।