pau makki section award: ਲੁਧਿਆਣਾ (ਤਰਸੇਮ ਭਾਰਦਵਾਜ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ) ਦੇ ਪਲਾਂਟ ਬ੍ਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਮੱਕੀ ਸੈਕਸ਼ਨ ਨੂੰ ‘ਸਾਲ 2019 ਲਈ ਚੌਧਰੀ ਦੇਵੀ ਲਾਲ ਆਊਟ ਸਟੈਂਡਿੰਗ ਆਲ ਇੰਡੀਆ ਕੋਆਰਡੀਨੇਟ ਖੋਜ ਪ੍ਰੋਜੈਕਟ ਐਵਾਰਡ’ ਮਿਲਿਆ। ਇਹ ਜਾਣਕਾਰੀ ਵਿਭਾਗ ਦੇ ਮੁਖੀ ਡਾ. ਗੁਰਜੀਤ ਸਿੰਘ ਮਾਂਗਟ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਮੱਕੀ ਸੈਕਸ਼ਨ ਨੂੰ ਭਾਰਤੀ ਖੇਤੀ ਖੋਜ ਪਰੀਸ਼ਦ ਨਵੀਂ ਦਿੱਲੀ ਵੱਲੋਂ ਆਊਟਸੈਂਡਿੰਗ ਆਲ ਇੰਡੀਆ ਕੋਆਰਡੀਨੇਟ ਖੋਜ ਪ੍ਰੋਜੈਕਟ ਸੈਂਟਰ ਚੁਣਿਆ ਗਿਆ। ਇਹ ਐਵਾਰਡ ਮੱਕੀ ਸੈਕਸ਼ਨ ਦੁਆਰਾ ਕੀਤੇ ਗਏ ਬਿਹਤਰ ਤਾਲਮੇਲ, ਨਤੀਜਿਆਂ ਅਤੇ ਪ੍ਰਭਾਵਾਂ ਦੇ ਚੱਲਦਿਆਂ ਮਿਲਿਆ ਹੈ। ਪੁਰਸਕਾਰ ‘ਚ ਇਕ ਲੱਖ ਰੁਪਏ ਦੀ ਰਾਸ਼ੀ, ਪ੍ਰਸ਼ੰਸਾ ਪੱਤਰ ਅਤੇ ਸਨਮਾਣ ਚਿੰਨ ਸ਼ਾਮਿਲ ਹਨ।
ਯੂਨੀਵਰਸਿਟੀ ਦੇ ਵੀ.ਸੀ. ਡਾ. ਬਲਦੇਵ ਸਿੰਘ ਢਿੱਲੋ, ਡਾਇਰੈਕਟਰ ਖੋਜ ਡਾ. ਨਵਤੇਜ ਬੈਂਸ ਨੇ ਮੱਕੀ ਦੀ ਕਿਸਮ ਦੇ ਸੁਧਾਰ ਦੇ ਖੇਤਰ ‘ਚ ਬਿਹਤਰੀਨ ਕੰਮ ਕਰਨ ਲਈ ਟੀਮ ਨੂੰ ਵਧਾਈ ਦਿੱਤੀ।ਟੀਮ ‘ਚ ਡਾ. ਜੇ.ਐੱਸ. ਚਾਵਲਾ, ਡਾਂ. ਸੁਰਿੰਦਰ ਕੌਰ ਸੰਧੂ, ਡਾ. ਮਹੇਸ਼ ਕੁਮਾਰ, ਡਾ. ਜਵਾਲਾ ਜਿੰਦਲ, ਡਾ. ਹਰਲੀਨ ਕੌਰ, ਡਾ. ਤੋਸ਼ ਗਰਗ, ਡਾ. ਗਗਨਦੀਪ ਬਾਜਵਾ, ਰਮੇਸ਼ ਰੰਜਨ ਅਤੇ ਆਸ਼ੂਤੋਸ਼ ਕੁਸ਼ਵਾਹਾ ਸ਼ਾਮਿਲ ਹਨ।
ਦੱਸਣਯੋਗ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ) ਵੱਲੋਂ ਕੋਰੋਨਾ ਸੰਕਟ ਦੌਰਾਨ 2 ਦਿਨਾਂ ਵਰਚੂਅਲ ਕਿਸਾਨ ਮੇਲੇ ਦਾ ਆਯੋਜਨ ਕੀਤਾ ਸੀ, ਜਿਸ ‘ਚ 50 ਹਜ਼ਾਰ ਤੋਂ ਜਿਆਦਾ ਕਿਸਾਨ ਸ਼ਾਮਿਲ ਹੋਏ ਸੀ। ਦੂਜੇ ਦਿਨ ਮਹਿਲਾ ਕਿਸਾਨ ਵੀ ਮੇਲੇ ਦਾ ਹਿੱਸਾ ਬਣੀਆਂ। ਇਸ ਤੋਂ ਇਲਾਵਾ ਮੇਲੇ ਦੇ ਪਹਿਲੇ ਦਿਨ ਸਭ ਤੋਂ ਜਿਆਦਾ ਸਵਾਲ ਪਰਾਲੀ ਪ੍ਰਬੰਧਨ ਨੂੰ ਲੈ ਕੇ ਕਿਸਾਨਾਂ ਨੇ ਪੁੱਛੇ ਕਿਉਂਕਿ ਇਹ ਪੰਜਾਬ ‘ਚ ਪ੍ਰਦੂਸ਼ਣ ਦੀ ਸਭ ਤੋਂ ਵੱਡੀ ਸਮੱਸਿਆ ਹੈ ਅਤੇ ਕਿਸਾਨ ਮੇਲੇ ਦਾ ਥੀਮ ਵੀ ਇਸ ‘ਤੇ ਸੀ।