People protest liquor shop residential area: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹੇ ਦੇ ਖੰਨਾ ਸ਼ਹਿਰ ‘ਚ ਉਸ ਸਮੇਂ ਤਣਾਅਪੂਰਨ ਸਥਿਤੀ ਪੈਦਾ ਹੋ ਗਈ, ਜਦੋਂ ਇੱਥੇ ਰਿਹਾਇਸ਼ੀ ਇਲਾਕੇ ‘ਚ ਸ਼ਰਾਬ ਦਾ ਠੇਕਾ ਖੋਲਿਆ ਜਾਣ ਲੱਗਾ। ਇਸ ਨੂੰ ਲੈ ਕੇ ਇਲਾਕਾਵਾਸੀਆਂ ‘ਚ ਭਾਰੀ ਗੁੱਸਾ ਦੇਖਣ ਨੂੰ ਮਿਲਿਆ। ਲੋਕਾਂ ਨੇ ਇਸ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਨਾਅਰੇਬਾਜ਼ੀ ਵੀ ਕੀਤੀ। ਇਹ ਮਾਮਲਾ ਖੰਨਾ ਸ਼ਹਿਰ ਦੇ ਬਸੰਤ ਨਗਰ ਦਾ ਹੈ। ਇਸ ਦੌਰਾਨ ਧਰਨਾਕਾਰੀਆਂ ਦਾ ਕਹਿਣਾ ਸੀ ਕਿ ਜਿੱਥੇ ਇਹ ਸ਼ਰਾਬ ਦਾ ਠੇਕਾ ਖੁੱਲਣ ਜਾ ਰਿਹਾ ਹੈ, ਇਹ ਰਿਹਾਇਸ਼ੀ ਇਲਾਕਾ ਹੈ ਅਤੇ ਅਸੀਂ ਇਹ ਹਰਗਿਜ਼ ਬਰਦਾਸ਼ਤ ਨਹੀਂ ਕਰਾਂਗੇ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਪੰਜਾਬ ਸਰਕਾਰ ਜੇਕਰ ਹੁਣ ਧੱਕਾ ਕਰੇਗੀ ਤਾ ਇਸ ਦਾ ਖਮਿਆਜ਼ਾ ਆਉਣ ਵਾਲੀਆਂ ਵੋਟਾਂ ‘ਚ ਭੁਗਤਨਾ ਪਵੇਗਾ। ਇਸ ਦੌਰਾਨ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲੋਕਾਂ ਨੂੰ ਮਨਜੂਰੀ ਦੀ ਜਾਂਚ ਕਰਵਾਉਣ ਦੀ ਗੱਲ ਕਹਿ ਕੇ ਸ਼ਾਂਤ ਕਰਵਾਇਆ।
ਦੂਜੇ ਪਾਸੇ ਇਸ ਸਬੰਧੀ ਮੌਕੇ ‘ਤੇ ਪਹੁੰਚੇ ਖੰਨਾ ਸਿਟੀ 2 ਦੇ ਐੱਸ.ਐੱਚ.ਓ ਰਣਬੀਰ ਕੁਮਾਰ ਸ਼ਰਮਾ ਨੇ ਮੌਕੇ ‘ਤੇ ਪਹੁੰਚ ਕੇ ਲੋਕਾਂ ਦੇ ਗੁੱਸੇ ਨੂੰ ਸ਼ਾਂਤ ਕਰਵਾਇਆ ਅਤੇ ਜਾਮ ਖੁਲਵਾਇਆ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਕੋਈ ਵੀ ਨਜਾਇਜ਼ ਠੇਕਾ ਖੁੱਲਣ ਨਹੀਂ ਦਿੱਤਾ ਜਾਵੇਗਾ। ਕਾਨੂੰਨ ਮੁਤਾਬਿਕ ਹੀ ਕੰਮ ਕੀਤਾ ਜਾਵੇਗਾ। ਇਹ ਠੇਕਾ ਕਿਸ ਨਿਯਮ ਅਨੁਸਾਰ ਖੁੱਲ ਰਿਹਾ ਹੈ, ਇਸ ਬਾਰੇ ਪਤਾ ਕੀਤਾ ਜਾ ਰਿਹਾ ਹੈ।
ਜਦੋ ਇਸ ਸਬੰਧੀ ਖੰਨਾ ਆਬਕਾਰੀ ਵਿਭਾਗ ਦੇ ਇੰਸਪੈਕਟਰ ਕਸ਼ਮੀਰਾ ਸਿੰਘ ਨਾਲ ਗੱਲ ਕੀਤੀ ਗਈ ਤਾ ਉਨ੍ਹਾਂ ਨੇ ਦੱਸਿਆ ਕਿ ਇਹ ਠੇਕਾ ਸਰਕਾਰ ਵਲੋਂ ਮਨਜ਼ੂਰਸ਼ੁਦਾ ਹੈ ਅਤੇ ਜਿਥੇ ਠੇਕਾ ਖੋਲਿਆਂ ਜਾ ਰਿਹਾ ਹੈ, ਉਹ ਥਾਂ ਵੀ ਵਪਾਰਕ ਹੈ। ਇਸ ਨਾਲ ਸਰਕਾਰੀ ਨਿਯਮਾਂ ਦੀ ਕੋਈ ਵੀ ਉਲੰਘਣਾ ਨਹੀਂ ਕੀਤੀ ਜਾ ਰਹੀ। ਲੋਕ ਤਾਂ ਰੌਲਾ ਪਾਉਂਦੇ ਹੀ ਨੇ ਅਤੇ ਉਸ ਜਗ੍ਹਾ ਹੋਰ ਵੀ ਕਈ ਦੁਕਾਨਾਂ ਖੁੱਲ੍ਹੀਆ ਹਨ। ਸਾਡਾ ਮੁੱਖ ਕੰਮ ਹੈ ਰੇਵੇਨਿਊ ਇਕੱਠਾ ਕਰਨਾ ਹੈ। ਜੇਕਰ ਵਿਰੋਧ ਇਸ ਤਰ੍ਹਾਂ ਹੀ ਜਾਰੀ ਰਿਹਾ ਤਾਂ ਇਸ ਮਾਮਲੇ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦਿਤੀ ਜਾਵੇਗੀ।