petrol pump stole employee: ਲੁਧਿਆਣਾ (ਤਰਸੇਮ ਭਾਰਦਵਾਜ)-ਜ਼ਿਲੇ ‘ਚ ਇਕ ਲੁੱਟ ਦੀ ਹੈਰਾਨੀਜਨਕ ਵਾਰਦਾਤ ਵਾਪਰੀ ਹੈ, ਜਿਸ ਨੂੰ ਸੁਣ ਕੇ ਸਾਰਿਆਂ ਦੇ ਹੋਸ਼ ਉੱਡ ਗਏ। ਜਾਣਕਾਰੀ ਮੁਤਾਬਕ ਇੱਥੇ ਚੀਮਾ ਚੌਕ ਦੇ ਨੇੜੇ ਐੱਚ.ਪੀ ਦੇ ਪੈਟਰੋਲ ਪੰਪ ‘ਤੇ ਕਾਰਿੰਦੇ ਨੇ ਮਾਲਕ ਦੇ ਦਫਤਰ ‘ਚ ਦਾਖਲ ਹੋ ਲਗਭਗ 2 ਲੱਖ ਰੁਪਏ ਦੀ ਨਗਦੀ ਚੋਰੀ ਕਰ ਲਏ। ਜਦੋਂ ਪੰਪ ਦਾ ਮਾਲਕ ਦਫਤਰ ਪਹੁੰਚਿਆਂ ਤਾਂ ਉਨ੍ਹਾਂ ਨੂੰ ਚੋਰੀ ਦੀ ਵਾਰਦਾਤ ਦਾ ਪਤਾ ਲੱਗਿਆ। ਇਸ ਤੋਂ ਬਾਅਦ ਉਸ ਨੇ ਥਾਣਾ ਮੋਤੀ ਨਗਰ ਦੀ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ, ਜਿਸ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਸੈਕਟਰ 32-ਏ ਦੇ ਰਹਿਣ ਵਾਲੇ ਮਨੀ ਜਿੰਦਲ ਦੀ ਸ਼ਿਕਾਇਤ ‘ਤੇ ਹੈਬੋਵਾਲ ਕਲਾ ਦੇ ਸੁਨੀਲ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਜਾਂਚ ‘ਚ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਹਾਲੇ ਤੱਕ ਉਸ ਕੋਲੋਂ ਨਗਦੀ ਬਰਾਮਦ ਨਹੀਂ ਹੋ ਸਕੀ ਹੈ।
ਇਸ ਮਾਮਲੇ ਸਬੰਧੀ ਏ.ਐੱਸ.ਆਈ ਮੇਵਾ ਰਾਮ ਨੇ ਦੱਸਿਆ ਹੈ ਕਿ ਸ਼ਿਕਾਇਤਕਰਤਾ ਦਾ ਚੀਮਾ ਚੌਕ ਦੇ ਨੇੜੇ ਪੈਟਰੋਲ ਪੰਪ ਹੈ, ਜਿੱਥੇ ਉਕਤ ਦੋਸ਼ੀ ਪਿਛਲੇ ਡੇਢ ਸਾਲ ਤੋਂ ਪੰਪ ‘ਤੇ ਹਵਾ ਭਰਨ ਦਾ ਕੰਮ ਕਰਦਾ ਸੀ। ਸ਼ਿਕਾਇਤਕਰਤਾ ਮੁਤਾਬਕ ਉਹ ਸ਼ਾਮ ਨੂੰ ਲਗਭਗ 6 ਵਜੇ ਪੰਪ ਤੋਂ ਚਲੇ ਜਾਂਦੇ ਹਨ, ਜਿਸ ਤੋਂ ਬਾਅਦ ਕਰਿੰਦਿਆਂ ਵੱਲੋਂ ਪੇਮੈਂਟ ਅੰਦਰ ਦਫਤਰ ‘ਚ ਬਣੇ ਦਰਾਜ ‘ਚ ਰੱਖ ਦਿੱਤੀ ਗਈ। ਅਗਲੀ ਸਵੇਰ ਦੋਸ਼ੀ ਦਫਤਰ ਆਇਆ ਅਤੇ ਨਗਦੀ ਦੇਖ ਚੋਰੀ ਕਰ ਫਰਾਰ ਹੋ ਗਿਆ।
ਪੁਲਿਸ ਨੇ ਦੱਸਿਆ ਕਿ ਦੋਸ਼ੀ ਦੇ ਸਿਰ ਕਾਫੀ ਕਰਜ਼ਾ ਚੜ੍ਹਿਆ ਹੋਇਆ ਹੈ, ਜਦਕਿ ਉਸ ਨੇ ਆਪਣਾ ਮੋਟਰਸਾਈਕਲ ਵੀ ਕਿਸੇ ਦੇ ਕੋਲ ਗਹਿਣੇ ਰੱਖਿਆ ਹੋਇਆ ਸੀ। ਇਸ ਕਾਰਨ ਉਹ ਕਾਫੀ ਪਰੇਸ਼ਾਨ ਰਹਿ ਰਿਹਾ ਸੀ। ਉਸ ਨੇ ਕਰਜ਼ ਉਤਾਰਨ ਲਈ ਨਗਦੀ ਚੋਰੀ ਕਰ ਲਈ ਸੀ। ਉਸ ਨੇ ਲੋਕਾਂ ਤੋਂ ਉਧਾਰ ਅਤੇ ਵਿਆਜ ‘ਤੇ ਲਏ ਸਾਰੇ ਪੈਸੇ ਵਾਪਿਸ ਕਰ ਦਿੱਤੇ ਸੀ। ਉਸ ਦੇ ਪਰਿਵਾਰ ਨੇ ਬੇਦਖਲ ਕੀਤਾ ਹੋਇਆ ਸੀ, ਜਿਸ ਦੇ ਚੱਲਦਿਆਂ ਉਹ ਕਿਰਾਏ ਦੇ ਮਕਾਨ ‘ਚ ਰਹਿੰਦਾ ਸੀ।