plumber big action Rohit Sabharwal: ਲੁਧਿਆਣਾ (ਤਰਸੇਮ ਭਾਰਦਵਾਜ)- ਨਗਰ ਨਿਗਮ ‘ਚ ਭ੍ਰਿਸ਼ਟਾਚਾਰ ਇੰਨਾਂ ਵੱਧ ਗਿਆ ਹੈ ਕਿ ਕਰਮਚਾਰੀ ਬੇਖੌਫ਼ ਹੋ ਕੇ ਹਰ ਕੰਮ ਕਰਨ ਦੇ ਬਦਲੇ ਪੈਸਿਆਂ ਦੀ ਮੰਗ ਕਰ ਰਹੇ ਹਨ। ਇਸ ਦੀ ਉਦਾਹਰਨ ਵੀਰਵਾਰ ਨੂੰ ਉਦੋਂ ਮਿਲੀ ਜਦੋਂ ਇਕ ਪਲੰਬਰ ਵਲੋਂ ਕੌਂਸਲ ਆਫ ਆਰ.ਟੀ.ਆਈ. ਐਕਟਵਿਸਟ ਦੇ ਪ੍ਰਧਾਨ ਰੋਹਿਤ ਸਭਰਵਾਲ ਤੋਂ ਪਾਣੀ, ਸੀਵਰੇਜ਼ ਦਾ ਕੁਨੈਕਸ਼ਨ ਪਾਸ ਕਰਾਉਣ ਬਦਲੇ ਇਕ ਹਜ਼ਾਰ ਰੁਪਏ ਰਿਸ਼ਵਤ ਲੈ ਲਈ। ਮਾਮਲਾ ਉਜਾਗਰ ਹੋਣ ‘ਤੇ ਪਲੰਬਰ ਅਮਰੀਸ਼ ਖੰਨਾ ਫਾਈਲ ਚਾਰਜ਼ਿਜ ਦਾ ਬਹਾਨਾ ਬਣਾਉਣ ਲੱਗ ਪਿਆ ਪਰ ਸ੍ਰੀ ਸਭਰਵਾਲ ਵੀ ਪਲੰਬਰ ਖਿਲਾਫ਼ ਕਾਰਵਾਈ ਲਈ ਅੜ ਗਏ ਤੇ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨੇ ‘ਤੇ ਬੈਠ ਗਏ। ਅਧਿਕਾਰੀਆਂ ਵਲੋਂ ਪਲੰਬਰ ਦਾ ਲਾਇਸੈਂਸ ਰੱਦ ਕਰਨ ‘ਤੇ ਧਰਨਾ ਖਤਮ ਕੀਤਾ।
ਰੋਹਿਤ ਸਭਰਵਾਲ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਖਾਲੀ ਪਲਾਟ ਬਾਬਾ ਨੰਦ ਸਿੰਘ ਨਗਰ ‘ਚ ਹਨ, ਜਿਨ੍ਹਾਂ ਦੇ ਪਾਣੀ, ਸੀਵਰੇਜ਼ ਕੁਨੈਕਸ਼ਨ ਲਗਵਾਉਣ ਲਈ ਆਨਲਾਈਨ ਅਪਲਾਈ ਕੀਤਾ ਸੀ। ਕੁਨੈਕਸ਼ਨ ਪਾਸ ਹੋਣ ‘ਤੇ ਪਲੰਬਰ ਦਾ ਫੋਨ ਆਇਆ ਕਿ ਰਸੀਦਾਂ ਲੈ ਜਾਉ, ਜਦ ਮੇਰਾ ਡਰਾਈਵਰ ਗਿਆ ਤਾਂ ਇਕ ਰਸੀਦ ਦੇ ਦਿੱਤੀ ਤੇ ਦੂਸਰੀ ਰਸੀਦ ਦੇਣ ਤੋਂ ਪਹਿਲਾਂ ਇਕ ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ।ਉਨ੍ਹਾਂ ਦਸਿਆ ਕਿ ਡਰਾਈਵਰ ਵਲੋਂ ਜਾਣਕਾਰੀ ਦਿੱਤੇ ਜਾਣ ‘ਤੇ ਜ਼ੋਨ ਡੀ. ਪੁੱਜ ਕੇ ਪਲੰਬਰ ਨੂੰ ਮੋਬਾਇਲ ‘ਤੇ ਫੋਨ ਕੀਤਾ ਤਾਂ ਉਸਨੇ ਕਿਚਲੂ ਨਗਰ ਆਉਣ ਲਈ ਕਿਹਾ। ਉਨ੍ਹਾਂ ਨੇ ਦੱਸਿਆ ਕਿ ਕਿਚਲੂ ਨਗਰ ਪੁੱਜਣ ਤੋਂ ਪਹਿਲਾਂ ਫੇਸਬੁੱਕ ‘ਤੇ ਲਾਈਵ ਹੋ ਗਏ। ਜਦ ਪਲੰਬਰ ਨੇ ਰਸੀਦ ਦਿੱਤੀ ਤਾਂ ਇਕ ਹਜ਼ਾਰ ਰਿਸ਼ਵਤ ਫੜ ਲਈ। ਇਹ ਸਭ ਕੁੱਝ ਫੇਸਬੁੱਕ ‘ਤੇ ਲਾਈਵ ਚੱਲ ਰਿਹਾ ਸੀ, ਜਿਸ ਤੋਂ ਬਾਅਦ ਉਹ ਕਮਿਸ਼ਨਰ ਦਫ਼ਤਰ ਬਾਹਰ ਧਰਨੇ ‘ਤੇ ਬੈਠ ਗਏ ਤੇ ਕਾਰਵਾਈ ਦੀ ਮੰਗ ਕੀਤੀ। ਪਹਿਲਾਂ ਤਾਂ ਅਧਿਕਾਰੀ ਸਾਫ਼ ਮੁਕਰ ਗਏ ਕਿ ਅਮਰੀਸ਼ ਖੰਨਾ ਸਰਕਾਰੀ ਮੁਲਾਜ਼ਮ ਨਹੀਂ ਹੈ, ਜਦ ਪੁੱਛਿਆ ਕਿ ਉਸ ਕੋਲ ਨਗਰ ਨਿਗਮ ਦੀ ਰਸੀਦ ਕਿਵੇਂ ਆ ਗਈ ਤਾਂ ਉੱਚ ਅਧਿਕਾਰੀਆਂ ਨੇ ਐਸ.ਡੀ.ਓ. ਨੂੰ ਪਲੰਬਰ ਦਾ ਲਾਇਸੈਂਸ ਰੱਦ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ।