Police arrested robber motorcycle: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਦਿਨੋ ਦਿਨ ਦਹਿਸ਼ਤ ਫੈਲਾ ਰਹੇ ਲੁਟੇਰਿਆਂ ‘ਤੇ ਨਕੇਲ ਕੱਸਦੇ ਹੋਏ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਜਾਣਕਾਰੀ ਮੁਤਾਬਕ ਪੁਲਿਸ ਨੇ ਅਜਿਹੇ ਲੁਟੇਰੇ ਨੂੰ ਕਾਬੂ ਕੀਤਾ ਹੈ ਜਿਸ ਕੋਲੋਂ ਚੋਰੀ ਦਾ ਮੋਟਰ ਸਾਈਕਲ ਬਰਾਮਦ ਹੋਇਆ ਹੈ। ਦੱਸਣਯੋਗ ਹੈ ਕਿ ਪੁਲਿਸ ਨੇ ਸੀ.ਸੀ.ਟੀ.ਵੀ ਫੁਟੇਜ ਅਤੇ ਮੁਖਬਰ ਦੀ ਇਤਲਾਹ ਮੁਤਾਬਕ ਦੋਸ਼ੀ ਨੂੰ ਗੁਰਦੇਵ ਨਗਰ ਨੇੜੇ ਪਾਣੀ ਦੀ ਟੈਂਕੀ ਕੋਲੋਂ ਉਸ ਸਮੇਂ ਗ੍ਰਿਫਤਾਰ ਕੀਤਾ, ਜਦੋਂ ਉਹ ਚੋਰੀ ਕੀਤੇ ਕਾਲੇ ਰੰਗ ਦੇ ਬੁਲਟ ‘ਤੇ ਜਾ ਰਿਹਾ ਸੀ। ਦੋਸ਼ੀ ਕੋਲੋਂ ਚੋਰੀ ਕੀਤੇ ਹੋਏ 14 ਹੋਰ ਵਹੀਕਲ ਵੀ ਬਰਾਮਦ ਕੀਤੇ ਗਏ ਹਨ। ਪੁੱਛਗਿੱਛ ਦੌਰਾਨ ਦੋਸ਼ੀ ਨੇ ਆਪਣੇ ਜ਼ੁਰਮ ਕਬੂਲ ਕਰ ਲਏ ਹਨ। ਇਸ ਦੇ ਨਾਲ ਹੀ ਦੋਸ਼ੀ ਨੇ ਦੱਸਿਆ ਹੈ ਕਿ ਪਹਿਲਾਂ ਉਹ ਲੈਂਟਰਾਂ ਦੇ ਜਾਲ ਬੰਨਣ ਅਤੇ ਦੋ ਪਹੀਆ ਵਾਹਨ ਰਿਪੇਅਰ ਦਾ ਕੰਮ ਵੀ ਕਰਦਾ ਸੀ ਪਰ ਨਸ਼ੇ ਦਾ ਆਦੀ ਹੋਣ ਕਾਰਨ ਉਸ ਨੇ ਚੋਰੀਆਂ ਕਰਨੀ ਸ਼ੁਰੂ ਕਰ ਦਿੱਤੀਆਂ ਹਨ।
ਪੁਲਿਸ ਨੇ ਦੱਸਿਆ ਹੈ ਕਿ ਗੁਲਸ਼ਨ ਸਿੰਘ ਨਾਂ ਦੇ ਲੁਟੇਰੇ ਨੂੰ ਕਾਬੂ ਕਰ ਲਿਆ ਗਿਆ ਅਤੇ ਫਿਲਹਾਲ ਇਕ ਹੋਰ ਦੋਸ਼ੀ ਰਣਜੀਤ ਸਿੰਘ ਹਾਲੇ ਵੀ ਫਰਾਰ ਦੱਸਿਆ ਜਾ ਰਿਹਾ ਹੈ। ਦੋਵੇਂ ਦੋਸ਼ੀ ਲੁਧਿਆਣਾ, ਮੋਗਾ, ਫਿਰੋਜਪੁਰ ਆਦਿ ਸ਼ਹਿਰਾਂ ‘ਚੋਂ 2 ਪਹੀਆ ਵਾਹਨ ਚੋਰੀ ਕਰਕੇ ਅੱਗੇ ਦਿਹਾਤੀ ਇਲਾਕਿਆਂ ‘ਚ ਜਾ ਕੇ ਪਿੰਡਾਂ ਦੇ ਭੋਲੇ-ਭਾਲੇ ਲੋਕਾਂ ਨੂੰ ਵੇਚ ਦਿੰਦੇ ਸੀ। ਪੁਲਿਸ ਨੇ ਸੰਭਾਵਨਾ ਜਤਾਈ ਹੈ ਕਿ ਦੋਸ਼ੀ ਕਈ ਹੋਰ ਖੁਲਾਸੇ ਵੀ ਕਰ ਸਕਦੇ ਹਨ।