pollution causes problem patients corona: ਲੁਧਿਆਣਾ (ਤਰਸੇਮ ਭਾਰਦਵਾਜ)-ਪ੍ਰਦੂਸ਼ਣ ਅਤੇ ਪਰਾਲੀ ਦੇ ਧੂੰਏ ਕਾਰਨ ਲੁਧਿਆਣਾ ‘ਚ ਕੋਰੋਨਾ ਨੂੰ ਮਾਤ ਦੇ ਕੇ ਠੀਕ ਹੋ ਚੁੱਕੇ ਅਤੇ ਨਵੇਂ ਪੀੜਤ ਮਰੀਜ਼ਾਂ ਦੇ ਲਈ ਖਤਰਨਾਕ ਸਾਬਿਤ ਹੋ ਰਿਹਾ ਹੈ। ਇਸ ਸਬੰਧੀ ਮਾਹਰਾਂ ਨੇ ਖੁਲਾਸਾ ਕੀਤਾ ਗਿਆ ਹੈ ਕਿ ਪ੍ਰਦੂਸ਼ਣ ਅਤੇ ਪਰਾਲੀ ਦਾ ਧੂੰਆਂ ਸਾਹ ਦੇ ਮਰੀਜ਼ਾਂ ਲਈ ਹਮੇਸ਼ਾਂ ਹੀ ਸਮੱਸਿਆ ਬਣਿਆ ਰਿਹਾ ਹੈ ਪਰ ਇਸ ਵਾਰ ਇਹ ਜਿਆਦਾ ਖਤਰਨਾਕ ਇਸ ਲਈ ਹੈ ਕਿਉਂਕਿ ਕੋਰੋਨਾ ਦੇ ਮਰੀਜ਼ ਨੂੰ ਸਾਹ ਦੀ ਸਮੱਸਿਆ ਆ ਰਹੀ ਹੈ ਜਾਂ ਨਵੇਂ ਆਉਣ ਵਾਲੇ ਮਰੀਜ਼ਾਂ ਨੂੰ ਵੀ ਸਾਹ ਸਬੰਧੀ ਪਰੇਸ਼ਾਨੀ ਹੋਵੇਗੀ।ਪ੍ਰਾਈਵੇਟ ਹਸਪਤਾਲਾਂ ‘ਚ ਪਹਿਲਾਂ ਦੇ ਕੋਰੋਨਾ ਮਰੀਜ਼ਾਂ ‘ਚ ਤਾਂ ਪਰੇਸ਼ਾਨੀ ਦੇ ਕੁਝ ਮਾਮਲੇ ਸਾਹਮਣੇ ਆਉਣੇ ਵੀ ਸ਼ੁਰੂ ਹੋ ਗਏ ਹਨ।
ਸੀਨੀਅਰ ਚੈਸਟ ਸਪੈਸ਼ਲਿਸਟ ਡਾਕਟਰ ਬੀ.ਕੇ ਗੁਪਤਾ ਨੇ ਦੱਸਿਆ ਹੈ ਕਿ ਹਫਤੇ ‘ਚ ਉਨ੍ਹਾਂ ਕੋਲ 3-4 ਮਰੀਜ਼ ਆਏ ਹਨ, ਜੋ ਅਗਸਤ ਜਾਂ ਜੁਲਾਈ ਮਹੀਨੇ ਦੌਰਾਨ ਕੋਰੋਨਾ ਦੇ ਮਰੀਜ਼ ਰਹੇ ਹਨ ਪਰ ਹੁਣ ਉਨ੍ਹਾਂ ਨੂੰ ਸਾਹ ਲੈਣ ‘ਚ ਪਰੇਸ਼ਾਨੀ, ਛਾਤੀ ਸਖਤ, ਥਕਾਵਟ ਦੀ ਸਮੱਸਿਆ ਆ ਰਹੀ ਹੈ। ਇਨ੍ਹਾਂ ਮਰੀਜ਼ਾਂ ਨੂੰ ਪ੍ਰਦੂਸ਼ਿਤ ਇਲਾਕਿਆਂ ‘ਚ ਨਹੀਂ ਜਾਣਾ ਚਾਹੀਦਾ ਹੈ। ਜੇਕਰ ਕੰਮ ਦੇ ਚੱਲਦਿਆਂ ਜਾਣਾ ਵੀ ਪੈ ਰਿਹਾ ਹੈ ਤਾਂ ਮਾਸਕ ਨਾ ਉਤਾਰੋ। ਪਰੇਸ਼ਾਨੀ ਜਿਆਦਾ ਹੈ ਤਾਂ ਡਾਕਟਰਾਂ ਦੀ ਸਲਾਹ ਲਉ। ਸੀ.ਐੱਮ.ਸੀ ਹਸਪਤਾਲ ਦੇ ਮੈਡੀਸਿਨ ਸਪੈਸ਼ਲਿਸਟ ਡਾਕਟਰ ਨਵਜੋਤ ਸਿੰਘ ਨੇ ਕਿਹਾ ਹੈ ਕਿ ਕੋਵਿਡ ਇਕ ਵਾਇਰਲ ਇਨਫੈਕਸ਼ਨ ਹੈ। ਵਾਇਰਲ ਇਨਫੈਕਸ਼ਨ ‘ਚ ਸਾਹ ਸਬੰਧੀ ਪਰੇਸ਼ਾਨੀ ਜਿਆਦਾ ਹੋ ਸਕਦੀ ਹੈ। ਇਸ ਦੇ ਨਾਲ ਹੀ ਕੋਵਿਡ ‘ਚ ਸਾਹ ਦੀ ਸਮੱਸਿਆ ਰਹਿੰਦੀ ਹੈ।
ਦੱਸਣਯੋਗ ਹੈ ਕਿ ਬੀਤੇ ਦਿਨ ਭਾਵ ਸੋਮਵਾਰ ਨੂੰ ਜ਼ਿਲ੍ਹੇ ‘ਚੋਂ ਕੋਰੋਨਾ ਦੇ 67 ਨਵੇਂ ਮਾਮਲੇ ਸਾਹਮਣੇ ਆਏ ਸੀ, ਜਿਨ੍ਹਾਂ ‘ਚੋਂ 55 ਲੁਧਿਆਣਾ ਦੇ ਅਤੇ 12 ਹੋਰ ਜ਼ਿਲ੍ਹਿਆਂ ਨਾਲ ਸਬੰਧਿਤ ਹਨ ਜਦਕਿ ਲੁਧਿਆਣਾ ‘ਚ 1 ਮਰੀਜ਼ ਦੀ ਮੌਤ ਹੋ ਸੀ ਜੋ ਕਿ ਬਠਿੰਡਾ ਨਾਲ ਸਬੰਧਿਤ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ‘ਚ ਹੁਣ ਤੱਕ 20414 ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਪਾਈ ਜਾ ਚੁੱਕੀ ਹੈ, ਜਿਨ੍ਹਾਂ ‘ਚੋਂ 19193 ਮਰੀਜ਼ ਸਿਹਤਯਾਬ ਹੋ ਚੁੱਕੇ ਹਨ। ਹੁਣ ਜ਼ਿਲ੍ਹੇ ‘ਚ ਸਿਰਫ 380 ਸਰਗਰਮ ਮਾਮਲੇ ਹਨ ਜਦਕਿ 841 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।