poor kids unable study sell vegetables: ਲੁਧਿਆਣਾ (ਤਰਸੇਮ ਭਾਰਦਵਾਜ)- ਖਤਰਨਾਕ ਕੋਰੋਨਾਵਾਇਰਸ ਕਾਰਨ ਜਿੱਥੇ ਹਰ ਵਰਗ ਆਰਥਿਕ ਤੰਗੀ ਦਾ ਸਾਹਮਣਾ ਕਰ ਰਿਹਾ ਹੈ। ਉੱਥੇ ਹੀ ਇਸ ਮਹਾਮਾਰੀ ਦਾ ਖਮਿਆਜਾ ਗਰੀਬ ਪਰਿਵਾਰ ਦੇ ਬੱਚੇ ਵੀ ਭੁਗਤ ਰਹੇ ਹਨ। ਭਾਵੇਂ ਕੋਰੋਨਾ ਦੇ ਚੱਲਦਿਆਂ ਇਹ ਬੱਚੇ ਆਨਲਾਈਨ ਪੜ੍ਹਾਈ ਕਰਨ ਤੋਂ ਵਾਂਝੇ ਹੋ ਗਏ ਹਨ ਪਰ ਫਿਰ ਵੀ ਇਨ੍ਹਾਂ ਨੇ ਹਿੰਮਤ ਤੇ ਮਿਹਨਤ ਨਹੀਂ ਛੱਡੀ। ਅਜਿਹਾ ਹੀ ਮਾਮਲਾ ਮਹਾਨਗਰ ਦੇ ਚਾਂਦ ਸਿਨੇਮਾ ਕੋਲ ਰਹਿਣ ਵਾਲੇ 2 ਬੱਚਿਆ ਦਾ ਸਾਹਮਣੇ ਆਇਆ ਹੈ। ਇਨ੍ਹਾਂ ਬੱਚਿਆ ਕੋਲ ਸਮਾਰਟਫੋਨ ਨਾ ਹੋਣ ਤੇ ਵਿਹਲੇ ਬੈਠਣ ਨਾਲੋਂ ਹੁਣ ਮਾਂ ਨਾਲ ਸਬਜ਼ੀ ਵੇਚਣ ਦੇ ਕੰਮ ‘ਚ ਹੱਥ ਵਟਾ ਰਹੇ ਹਨ। ਪਿਤਾ ਰਿਕਸ਼ਾ ਚਾਲਕ ਹੈ ਅਤੇ ਅੱਜ ਕੱਲ੍ਹ ਉਹਨਾਂ ਦੀ ਆਮਦਨੀ ਵੀ ਪਹਿਲਾਂ ਦੀ ਤਰ੍ਹਾਂ ਨਹੀਂ ਰਹੀ। ਇਸ ਲਈ ਮਾਂ ਨਾਲ ਘਰ ਦਾ ਖਰਚ ਚਲਾਉਣ ਲਈ ਸਬਜ਼ੀ ਵੇਚ ਰਹੇ ਹਨ।
ਦੱਸ ਦੇਈਏ ਕਿ ਪਰਿਵਾਰ ਰੋਜ਼ਾਨਾ ਰੇਹੜੀ ਲੈ ਕੇ ਮੰਡੀ ਜਾਂਦਾ ਹੈ , ਉੱਥੋਂ ਸਬਜ਼ੀ ਲਿਆ ਕੇ ਚਾਂਦ ਸਿਨੇਮਾ ਦੇ ਆਸ-ਪਾਸ ਵੇਚਦਾ ਹੈ। ਇਸ ਸਮੇਂ ਉਹਨਾਂ ਦੇ ਘਰ ਦਾ ਖਰਚ ਇਸ ਤੋਂ ਹੀ ਚਲ ਰਿਹਾ ਹੈ। ਬੱਚੀ ਰੂਪਾ ਨੇ ਦਸਿਆ ਕਿ ਉਹ ਪੰਜਵੀਂ ਜਮਾਤ ‘ਚ ਪੜ੍ਹਦੀ ਹੈ ਅਤੇ ਉਸ ਦਾ ਭਰਾ ਕ੍ਰਿਸ਼ਣ ਦੂਜੀ ਜਮਾਤ ‘ਚ ਹੈ। ਕੋਰੋਨਾ ਦੇ ਕਾਰਨ ਸਕੂਲ ਬੰਦ ਹਨ। ਮੋਬਾਇਲ ਨਾ ਹੋਣ ਕਾਰਨ ਆਨਲਾਈਨ ਪੜ੍ਹਾਈ ਨਹੀਂ ਹੋ ਸਕੀ।ਇਨ੍ਹਾਂ ਬੱਚਿਆਂ ਦੀ ਮਾਂ ਨੇ ਦੱਸਿਆ ਕਿ ਉਸ ਦੇ 6 ਬੱਚੇ ਹਨ। ਪਤੀ ਮਦਨ ਰਿਕਸ਼ਾ ਚਲਾਉਂਦਾ ਹੈ। ਕੋਰੋਨਾ ਕਾਲ ‘ਚ ਉਹਨਾਂ ਦੀ ਆਮਦਨੀ ਘਟ ਹੋ ਗਈ ਹੈ। ਹੁਣ 6 ਬੱਚਿਆਂ ਦੇ ਘਰ ਦਾ ਖਰਚ ਚਲਾਉਣਾ ਮੁਸ਼ਕਿਲ ਹੋ ਗਿਆ ਹੈ। ਇਸ ਲਈ ਮਜ਼ਬੂਰੀ ‘ਚ ਸਬਜ਼ੀ ਵੇਚਣੀ ਪੈ ਰਹੀ ਹੈ।