premix put second side jagraon bridge: ਲੁਧਿਆਣਾ (ਤਰਸੇਮ ਭਾਰਦਵਾਜ)- ਜਗਰਾਓ ਪੁਲ ਨਿਰਮਾਣ ਦੀ ਡੈੱਡਲਾਈਨ ਦੇ 7 ਦਿਨ ਰਹਿ ਗਏ ਹਨ ਅਤੇ ਜਗਰਾਓ ਪੁਲ ਦਾ ਨਿਰਮਾਣ ਕੰਮ ਹੁਣ ਅੰਤਿਮ ਦੌਰ ‘ਚ ਹੈ। ਨਗਰ ਨਿਗਮ ਨੇ ਜਗਰਾਓ ਪੁਲ ਵੱਲ ਵੀ ਅਪ੍ਰੋਚ ਰੋਡ ‘ਤੇ ਸ਼ਨੀਵਾਰ ਨੂੰ ਪ੍ਰੀਮਿਕਸ ਦੀ ਪਹਿਲੀ ਲੇਅਰ ਵਿਛਾ ਦਿੱਤੀ ਹੈ। ਇਸ ਤੋਂ ਇਲਾਵਾ ਨਿਗਮ ਨੇ ਸੈਂਟਰਲ ਵਰਜ ‘ਤੇ ਬੂਟੇ ਲਾਉਣੇ ਸ਼ੁਰੂ ਕਰ ਦਿੱਤੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਪੁਲ ਡੈੱਡਲਾਈਨ ਤੋਂ ਪਹਿਲਾਂ ਤਿਆਰ ਹੋ ਜਾਵੇਗਾ।
ਨਿਗਮ ਅਧਿਕਾਰੀਆਂ ਮੁਤਾਬਕ ਹੁਣ ਪੁਲ ਦੇ ਦੋਵਾਂ ਪਾਸਿਆਂ ਪ੍ਰੀਮਿਕਸ ਦੀ ਆਖਰੀ ਲੇਅਰ ਪਾਈ ਜਾਵੇਗੀ ਅਤੇ ਉਸ ਤੋਂ ਬਾਅਦ ਪੁਲ ਜਨਤਾ ਲਈ ਖੋਲ ਦਿੱਤਾ ਜਾਵੇਗਾ। ਸ਼ਨੀਵਾਰ ਨੂੰ ਨਗਰ ਨਿਗਮ ਨੇ ਦੁਰਗਾਮਾਤਾ ਮੰਦਰ ਵਾਲੇ ਪਾਸੇ ਪਹਿਲੇ ਫੁੱਟਪਾਥ ਦਾ ਕੰਮ ਕੀਤਾ ਅਤੇ ਉਸ ਤੋਂ ਬਾਅਦ ਪ੍ਰੀਮਿਕਸ ਵਿਛਾਇਆ ਗਿਆ। ਪੁਲ ‘ਤੇ ਹੁਣ ਥੋੜ੍ਹਾ ਜਿਹਾ ਫੁਟਪਾਥ ਬਣਾਉਣਾ ਬਾਕੀ ਹੈ। ਇਸ ਤੋਂ ਇਲਾਵਾ ਪ੍ਰੀਮਿਕਸ ਦੀ ਆਖਰੀ ਲੇਅਰ ਵਿਛਾਉਣੀ ਬਾਕੀ ਰਹਿ ਗਈ ਹੈ। ਇਸ ਤੋਂ ਇਲਾਵਾ ਦੁਰਗਾ ਮਾਤਾ ਮੰਦਰ ਵਾਲੇ ਪਾਸੇ ਮਿੱਟੀ ਪਈ ਹੈ, ਉਸ ਨੂੰ ਚੁੱਕਣਾ ਹਾਲੇ ਬਾਕੀ ਹੈ।
ਦੱਸਣਯੋਗ ਹੈ ਕਿ ਬੀਤੇ ਦਿਨ ਭਾਵ ਸ਼ੁੱਕਰਵਾਰ ਨੂੰ ਭਾਵੇ ਪੰਜਾਬ ਬੰਦ ਕਾਰਨ ਕੰਮ ਨਹੀਂ ਹੋ ਸਕਿਆ ਪਰ ਗੁਰਦੁਆਰਾ ਦੁੱਖ ਨਿਵਾਰਨ ਵਾਲੇ ਪਾਸੇ ਜਿੱਥੇ-ਜਿੱਥੇ ਪ੍ਰੀਮਿਕਸ ਦੀ ਪਹਿਲੀ ਲੇਅਰ ਉਖੜੀ ਹੋਈ ਸੀ, ਉਸ ਨੂੰ ਰਿਪੇਅਰ ਕੀਤਾ ਜਾਣਾ ਹੈ ਅਤੇ ਤਾਂ ਆਖਰੀ ਲੇਅਰ ਵਿਛਾਈ ਜਾਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਸੋਮਵਾਰ ਨੂੰ ਨਗਰ ਨਿਗਮ ਵੱਲੋਂ ਦੋਵਾਂ ਪਾਸਿਆਂ ਅਤੇ ਰੇਲਵੇ ਦੇ ਹਿੱਸੇ ‘ਤੇ ਪ੍ਰੀਮਿਕਸ ਦੀ ਫਾਇਲ ਲੇਅਰ ਵਿਛਾ ਦਿੱਤੀ ਦਾਵੇਗੀ। ਇਸ ਤੋਂ ਇਲਾਵਾ ਡਿਵਾਈਡਰ ‘ਤੇ ਸਜਾਵਟੀ ਬੂਟੇ ਵੀ ਲਾਉਣੇ ਸ਼ੁਰੂ ਕਰ ਦਿੱਤੇ ਹਨ। ਬਾਗਬਾਨੀ ਇੰਜੀਨੀਅਰ ਕਿਰਪਾਲ ਸਿੰਘ ਨੇ ਦੱਸਿਆ ਹੈ ਕਿ ਪੁਲ ਦੇ ਦੋਵਾਂ ਪਾਸਿਓ ਸੈਂਟਰਲ ਵਰਜ ‘ਤੇ ਲਗਭਗ 60 ਸਜਾਵਟੀ ਬੂਟੇ ਲਾਏ ਜਾਣੇ ਹਨ।