public dealing four zones: ਲੁਧਿਆਣਾ (ਤਰਸੇਮ ਭਾਰਦਵਾਜ)-ਨਿਗਮ ਦੇ ਚਾਰ ਜ਼ੋਨਾਂ ਦੇ ਅਫਸਰ ਪਬਲਿਕ ਨਾਲ ਮਿਲਣ ਦਾ ਸਮਾਂ ਨਹੀਂ ਕੱਢ ਰਹੇ। ਇਸ ਦੀ ਸ਼ਿਕਾਇਤ ਕਮਿਸ਼ਨਰ ਪ੍ਰਦੀਪ ਸਭਰਵਾਲ ਦੇ ਕੋਲ ਪਹੁੰਚੀ ਤਾਂ ਉਨ੍ਹਾਂ ਨੇ 4 ਜ਼ੋਨਾਂ ਦੇ ਅਫਸਰਾਂ-ਮੁਲਜ਼ਮਾਂ ਦੀ ਮੀਟਿੰਗ ਬੁਲਾ ਕੇ ਆਦੇਸ਼ ਦਿੱਤੇ ਕਿ ਹੁਣ ਜਨਤਾ ਨਾਲ ਮਿਲਣ ਦਾ ਸਮਾਂ ਤੈਅ ਕੀਤਾ ਜਾਵੇਗਾ। ਰੋਜ਼ ਸਵੇਰੇ 9 ਤੋਂ 11 ਵਜੇ ਤੱਕ ਪਬਲਿਕ ਡੀਲਿੰਗ ਅਤੇ ਸਮੱਸਿਆਵਾਂ ਹੱਲ ਕੀਤੀਆਂ ਜਾਣਗੀਆਂ। ਬਕਾਇਦਾ ਨਿਗਮ ਕਮਿਸ਼ਨਰ ਸਾਰੇ ਜ਼ੋਨਲ ਕਮਿਸ਼ਨਰਾਂ ਸਮੇਤ ਬ੍ਰਾਂਚ ਮੁਖੀਆਂ ਨੂੰ ਲਿਖਤੀ ‘ਚ ਆਦੇਸ਼ ਜਾਰੀ ਕਰ ਦਿੱਤੇ ਹਨ।
ਕਮਿਸ਼ਨਰ ਨੇ ਕਿਹਾ ਹੈ ਕਿ ਜ਼ੋਨਲ ਕਮਿਸ਼ਨਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਮੀਟਿੰਗ ਕਰਨੀ ਹੈ ਤਾਂ ਉਹ ਬੁੱਧਵਾਰ ਸ਼ਾਮ 5 ਵਜੇ ਤੋਂ ਬਾਅਦ ਕਰਨਗੇ। ਉਨ੍ਹਾਂ ਨੇ ਸਾਰੇ ਜ਼ੋਨਲ ਕਮਿਸ਼ਨਰਾਂ ਨੂੰ ਵੀ ਸ਼ਹਿਰ ‘ਚ ਚੱਲ ਰਹੇ ਵਿਕਾਸ ਕੰਮਾਂ ਨੂੰ ਲੈ ਕੇ ਸਾਰੀ ਜਾਣਕਾਰੀ ਪੇਸ਼ ਕਰਨ ਲਈ ਕਿਹਾ ਹੈ। ਚੱਲ ਰਹੇ ਵਿਕਾਸ ਕੰਮਾਂ ਦੀ ਚੈਕਿੰਗ ਰੋਜ਼ ਸ਼ਾਮ 3 ਵਜੇ ਤੋਂ ਬਾਅਦ ਕਰਨਗੇ। ਸੱਭਰਵਾਲ ਨੇ ਇਹ ਵੀ ਹਦਾਇਤਾਂ ਦਿੱਤੀਆਂ ਹਨ ਕਿ ਉਹ ਆਪਣੇ ਜ਼ੋਨਾਂ ‘ਚ ਆਉਂਦੇ ਇਲਾਕਿਆਂ ‘ਚ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ, ਤਾਂ ਕਿ ਸ਼ਹਿਰ ਦੀ ਸਵੱਛ ਸਰਵੇਖਣ 2021 ‘ਚ ਵਧੀਆਂ ਰੈਕਿੰਗ ਲਿਆਂਦੀ ਜਾ ਸਕੇ।
ਨਿਗਮ ਕਮਿਸ਼ਨਰ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਸਾਰੇ ਬ੍ਰਾਚਾਂ ਦੇ ਐੱਸ.ਈ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਸ਼ਹਿਰ ‘ਚ ਚੱਲ ਰਹੇ ਵਿਕਾਸ ਕੰਮਾਂ ਦੀ ਉਹ ਰੋਜ਼ਾਨਾ ਚੈਕਿੰਗ ਕਰਨਗੇ। 30,70 ਅਤੇ 100 ਫੀਸਦੀ ਕੰਮ ਪੂਰਾ ਹੋਣ ਤੱਕ ਸਰਟੀਫਿਕੇਟ ਪੇਸ਼ ਕਰਨਗੇ ਕਿ ਕੰਮ ਤੈਅ ਮਾਪਦੰਡਾਂ ਮੁਤਾਬਕ ਸਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਜੋ ਕੰਮ ਚੱਲ ਰਹੇ ਹਨ, ਉਨ੍ਹਾਂ ਦੇ ਬੋਰਡ ਲੱਗੇ ਹੋਣੇ ਚਾਹੀਦੇ ਹਨ। ਇਸ ‘ਚ ਕੰਮ, ਠੇਕੇਦਾਰ ਦਾ ਨਾਂ, ਸਬੰਧਿਤ ਅਫਸਰਾਂ ਦੇ ਨਾਂ, ਕੰਮ ਸ਼ੁਰੂ ਅਤੇ ਖਤਮ ਹੋਣ ਦੀ ਤਾਰੀਕ ਲਿਖੀ ਹੋਣੀ ਚਾਹੀਦੀ ਹੈ।