punjab covid 19 rules ਲੁਧਿਆਣਾ-(ਤਰਸੇਮ ਭਾਰਦਵਾਜ)- ਲੁਧਿਆਣਾ ਜ਼ਿਲਾ ਸਮਾਰਟ ਸਿਟੀ ਕਹਾਏ ਜਾਣ ਵਾਲਾ ਸ਼ਹਿਰ ਹੁਣ ਕੋਰੋਨਾ ਦਾ ਗੜ੍ਹ ਬਣ ਚੁੱਕਾ ਹੈ।ਪੰਜਾਬ ‘ਚ ਸਰਕਾਰ ਦੇ ਦਾਅਵੇ ਦੇ ਉਲਟ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਸਰਕਾਰ ਕੋਵਿਡ-19 ਦੇ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ‘ਚ ਅਸਫਲ ਹੋ ਰਹੀ ਹੈ, ਜਿਸ ਕਾਰਣ ਲੋਕਾਂ ਦੀ ਮੌਤ ਦਾ ਅੰਕੜਾ ਵੀ ਵੱਧ ਰਿਹਾ ਹੈ।
ਮੰਗਲਵਾਰ ਨੂੰ ਕੋਰੋਨਾ ਵਾਇਰਸ ਨਾਲ 35 ਲੋਕਾਂ ਦੀ ਮੌਤ ਹੋ ਗਈ, ਜਦਕਿ 1704 ਨਵੇਂ ਮਰੀਜ਼ ਸਾਹਮਣੇ ਆਏ ਹਨ। ਹੁਣ ਤਕ ਪੰਜਾਬ ‘ਚ ਵਾਇਰਸ ਦੇ ਕਾਰਣ 898 ਲੋਕਾਂ ਦੀ ਮੌਤ ਹੋ ਚੁਕੀ ਹੈ, ਜਦਕਿ 34,400 ਲੋਕ ਕੋਰੋਨਾ ਪਾਜ਼ੇਟਿਵ ਆ ਚੁਕੇ ਹਨ। ਅੱਜ ਜਿਨ੍ਹਾਂ 35 ਲੋਕਾਂ ਦੀ ਮੌਤ ਹੋਈ, ਉਨ੍ਹਾਂ ‘ਚ ਲੁਧਿਆਣਾ ਤੋਂ 8, ਅੰਮ੍ਰਿਤਸਰ 4, ਪਟਿਆਲਾ 4, ਸੰਗਰੂਰ 4, ਐਸ. ਏ. ਐਸ. ਨਗਰ 3, ਐਸ. ਬੀ. ਐਸ. ਨਗਰ 3, ਰੋਪੜ ਤੇ ਤਰਨਤਾਰਨ ਤੋਂ 2-2 ਅਤੇ ਫਰੀਦਕੋਟ, ਫਤਿਹਗੜ੍ਹ ਸਾਹਿਬ, ਜਲੰਧਰ, ਮੁਕਤਸਰ ਅਤੇ ਕਪੂਰਥਲਾ ਤੋਂ 1-1 ਮਰੀਜ਼ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ 18 ਮਈ ਨੂੰ ਸਰਕਾਰ ਨੇ ਕਰਫਿਊ ਹਟਾ ਦਿੱਤਾ ਸੀ। 10 ਜੂਨ ਤੋਂ ਸਰਕਾਰ ਵਲੋਂ ਲਾਕਡਾਊਨ ਹਟਾ ਦਿੱਤਾ ਗਿਆ। ਜੂਨ ਦੇ ਮੱਧ ਤੋਂ ਮਰੀਜ਼ਾਂ ਦੀ ਗਿਣਤੀ ਸੂਬੇ ‘ਚ ਵਧਣ ਲੱਗੀ ਅਤੇ ਜੁਲਾਈ ‘ਚ ਸੰਕਰਮਿਤ ਮਰੀਜ਼ਾਂ ਅਤੇ ਮਰਨ ਵਾਲੇ ਲੋਕਾਂ ਦੀ ਗਿਣਤੀ ‘ਚ ਵਾਧਾ ਹੋਣ ਲੱਗਾ। 1 ਅਗਸਤ ਤੋਂ 17 ਅਗਸਤ ਤਕ 15 ਹਜ਼ਾਰ ਨਵੇਂ ਪਾਜ਼ੇਟਿਵ ਮਰੀਜ਼ ਆ ਚੁਕੇ ਹਨ। ਇਸ ਤੋਂ ਇਲਾਵਾ 400 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ।