ਲੁਧਿਆਣਾ-(ਤਰਸੇਮ ਭਾਰਦਵਾਜ) : ਪੰਜਾਬ ‘ਚ ਜਬਰ-ਜ਼ਿਨਾਹ ਦੀਆਂ ਵਾਰਦਾਤਾਂ ਨਹੀਂ ਰੁਕ ਰਹੀਆਂ ਹਨ।ਆਏ ਦਿਨ ਹਵਸ ਦੇ ਅੰਨ੍ਹੇ ਲੋਕਾਂ ਵਲੋਂ ਨਾਬਾਲਿਗ ਲੜਕੀਆਂ ਨੂੰ ਸ਼ਿਕਾਰ ਬਣਾਇਆ ਜਾਂਦਾ ਹੈ।ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜ਼ਿਲਾ ਲੁਧਿਆਣਾ ਖੰਨਾ ਸ਼ਹਿਰ ਦੀ ਇੱਕ 11ਵੀਂ ਜਮਾਤ ਦੀ ਵਿਦਿਆਰਥਣ ਨਾਲ ਦਰਿੰਦਿਆਂ ਵਲੋਂ ਸਮੂਹਿਕ ਜਬਰ-ਜ਼ਿਨਾਹ ਕਰਨ ਅਤੇ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
ਪੁਲਸ ਨੇ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਉਹ 11ਵੀਂ ਜਮਾਤ ਦੀ ਵਿਦਿਆਰਥਣ ਹੈ।ਉਹ ਘਟਨਾ ਵਾਲੇ ਦਿਨ ਆਪਣੇ ਘਰ ਨੂੰ ਜਾ ਰਹੀ ਸੀ ਤਾਂ ਰਸਤੇ ‘ਚ ਉਸ ਨੂੰ 2 ਅਣਪਛਾਤੇ ਵਿਅਕਤੀ ਮਿਲੇ ਜੋ ਕਾਰ ‘ਚ ਸਵਾਰ ਸਨ।ਉਕਤ ਦੋਸ਼ੀਆਂ ਨੇ ਪਹਿਲਾਂ ਉਸ ਨੂੰ ਇੱਕ ਨੰਬਰ ਦਿੱਤਾ ਅਤੇ ਬਾਅਦ ‘ਚ ਕਥਿਤ ਦੋਸ਼ੀ ਉਸ ਨੂੰ ਕਾਰ ‘ਚ ਬਿਠਾ ਕੇ ਇੱਕ ਘਰ ‘ਚ ਲੈ ਗਏ ਅਤੇ ਦੋਹਾਂ ਦੋਸ਼ੀਆਂ ਨੇ ਵਾਰਦਾਤ ਨੂੰ ਅੰਜ਼ਾਮ ਦਿੱਤਾ।ਦੋਸ਼ੀਆਂ ਨੇ ਲੜਕੀ ਨਾਲ ਸਮੂਹਿਕ ਜਬਰ ਜ਼ਿਨਾਹ ਕੀਤਾ।ਇਸ ਦੌਰਾਨ ਦੋਸ਼ੀਆਂ ਨੇ ਲੜਕੀ ਦੀ ਵੀਡੀਓ ਬਣਾਈ ਅਤੇ ਕਿਸੇ ਨੂੰ ਦੱਸਣ ‘ਤੇ ਜਾਨੋ ਮਾਰਨ ਅਤੇ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੱਤੀ।ਲੜਕੀ ਨੇ ਸਾਰੀ ਘਟਨਾ ਪਰਿਵਾਰਕ ਮੈਂਬਰਾਂ ਨੂੰ ਦੱਸੀ ਅਤੇ ਇਸਦੀ ਸੂਚਨਾ ਪੁਲਸ ਨੂੰ ਦਿੱਤੀ ਗਈ।ਪੁਲਸ ਨੇ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।ਐੱਸ.ਐੱਚ.ਓ. ਪਾਇਲ ਕਰਨੈਲ ਸਿੰਘ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਕਿਹਾ ਕਿ ਦੋਸ਼ੀਆਂ ਦੀ ਭਾਲ ਜਾਰੀ ਹੈ।ਦੱਸਣਯੋਗ ਹੈ ਕਿ ਉਕਤ ਦੋਸ਼ੀਆਂ ਦੀ ਪਛਾਣ ਵਿਨੇ ਪਾਲ ਵਾਸੀ ਪਿੰਡ ਜੱਲਾ ਅਤੇ ਵਿੱਕੀ ਵਾਸੀ ਪਾਇਲ ਵਜੋਂ ਹੋਈ ਹੈ।