robbed old man bank: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ, ਜਿਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਜਦੋਂ ਅੱਜ ਉਨ੍ਹਾਂ ਨੇ ਇਕ ਬੈਂਕ ਦੇ ਬਾਹਰ ਬਜ਼ੁਰਗ ਕੋਲੋਂ ਬੰਦੂਕ ਦੀ ਨੋਕ ‘ਤੇ ਲੱਖਾਂ ਰੁਪਏ ਲੁੱਟ ਲਏ। ਵਾਰਦਾਤ ਨੂੰ ਅੰਜ਼ਾਮ ਦੇ ਕੇ ਲੁਟੇਰੇ ਮੌਕੇ ‘ਤੇ ਫਰਾਰ ਹੋ ਗਏ ਪਰ ਇਹ ਘਟਨਾ ਉੱਥੇ ਲੱਗੇ ਸੀ.ਸੀ.ਟੀ.ਵੀ ਕੈਮਰੇ ‘ਚ ਵੀ ਰਿਕਾਰਡ ਹੋ ਗਈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਫਿਲਹਾਲ ਸੀ.ਸੀ.ਟੀ.ਵੀ ਫੁ਼ਟੇਜ ਖੰਗਾਲੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਇਹ ਘਟਨਾ ਜ਼ਿਲ੍ਹੇ ਦੇ ਗਿੱਲ ਰੋਡ ‘ਤੇ ਸਥਿਤ ਇੰਡਸਾਈਡ ਬੈਂਕ ਦੇ ਬਾਹਰ ਵਾਪਰੀ ਹੈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਵਾਇਰਿੰਗ ਕੰਪਨੀ ਦੇ ਕਰਮਚਾਰੀ ਰੌਕੀ ਨੇ ਦੱਸਿਆ ਹੈ ਕਿ ਉਸ ਨੇ ਬਜ਼ੁਰਗ ਨੂੰ 2 ਲੱਖ 80 ਹਜ਼ਾਰ ਰੁਪਏ ਜਮ੍ਹਾਂ ਕਰਵਾਉਣ ਲਈ ਭੇਜੇ ਸੀ। ਜਦੋਂ ਬਜ਼ੁਰਗ ਬੈਂਕ ਦੀਆਂ ਪੌੜੀਆਂ ਚੜ੍ਹਨ ਲੱਗਿਆ ਤਾਂ ਇਕ ਨੌਜਵਾਨ ਰਿਵਾਲਵਰ ਲਹਿਰਾਉਂਦਾ ਹੋਇਆ ਆਇਆ ਅਤੇ ਬਜ਼ੁਰਗ ਨੂੰ ਧੱਕਾ ਦੇ ਕੇ ਪੈਸਿਆਂ ਦਾ ਬੈਗ ਖੋਹ ਕੇ ਫਰਾਰ ਹੋ ਗਿਆ। ਲੁਟੇਰੇ ਮੋਟਰਸਾਈਕਲ ‘ਤੇ ਆਏ ਸੀ। ਉਸ ਦੇ ਦੋ ਸਾਥੀ ਮੋਟਰਸਾਈਕਲ ‘ਤੇ ਬੈਠੇ ਹੋਏ ਸੀ। ਪੀੜਤ ਬਜ਼ੁਰਗ ਨੇ ਇਸ ਦੀ ਜਾਣਕਾਰੀ ਫੈਕਟਰੀ ਮਾਲਕ ਨੂੰ ਦਿੱਤੀ, ਜਿਸ ਤੋਂ ਬਾਅਦ ਮੌਕੇ ‘ਤੇ ਥਾਣਾ ਡੀਵੀਜ਼ਨ ਨੰਬਰ 6 ਤੋਂ ਪੁਲਿਸ ਅਫਸਰ ਪਹੁੰਚੇ। ਮੌਕੇ ‘ਤੇ ਪਹੁੰਚੇ ਜਾਂਚ ਅਫਸਰ ਨੇ ਦੱਸਿਆ ਕਿ 11.30 ਵਜੇ ਦੇ ਕਰੀਬ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ, ਜਿਸ ਦੀ ਸੀ.ਸੀ.ਟੀ.ਵੀ ਫੁਟੇਜ ਉਨ੍ਹਾਂ ਦੇ ਹੱਥ ਲੱਗੀ ਹੈ। ਪੁਲਿਸ ਵੱਲੋਂ ਸੀ.ਸੀ.ਟੀ.ਵੀ ਫੁਟੇਜ ਦੇ ਅਧਾਰ ‘ਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਗਿੱਲ ਰੋਡ ਤੇ ਕਈ ਵਾਰ ਵੱਡੀਆਂ ਲੁਟਾ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ ਪਰ ਇਸਦੇ ਬਾਵਜੂਦ ਲੁਟੇਰੇ ਬੇਖੌਫ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਅਤੇ ਪੁਲਿਸ ਮੂਕ ਦਰਸ਼ਕ ਬਣੀ ਹੋਈ ਹੈ।