robber auto gang arrest: ਲੁਧਿਆਣਾ (ਤਰਸੇਮ ਭਾਰਦਵਾਜ)- ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕਰਦਿਆਂ ਹੋਇਆ ਇਕ ਲੁਟੇਰਾ ਆਟੋ ਗੈਂਗ ਦੇ 2 ਮੈਂਬਰਾਂ ਨੂੰ ਕਾਬੂ ਕੀਤਾ ਹੈ। ਇਸ ਦੌਰਾਨ ਉਨ੍ਹਾਂ ਕੋਲੋਂ 6 ਹੋਰ ਮੋਬਾਇਲ ਫੋਨ ਵੀ ਬਰਾਮਦ ਕੀਤੇ ਗਏ ਹਨ। ਦੱਸ ਦੇਈਏ ਕਿ ਗੈਂਗ ਦੇ ਮੈਂਬਰ ਹੁਣ ਤੱਕ 100 ਵਾਰਦਾਤਾਂ ਕਰ ਚੁੱਕੇ ਹਨ। ਦੋਸ਼ੀਆਂ ਦੀ ਪਹਿਚਾਣ ਪ੍ਰਤਾਪ ਨਗਰ ਦੇ ਆਤਮਾ ਰਾਮ ਉਰਫ ਭੋਲਾ ਅਤੇ ਅਮਨ ਕੁਮਾਰ ਦੇ ਰੂਪ ‘ਚ ਹੋਈ ਹੈ। ਪੁਲਿਸ ਨੇ ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕਰ ਲਿਆ ਹੈ।
ਇਸ ਮਾਮਲੇ ਸਬੰਧੀ ਸਬ ਇੰਸਪੈਕਟਰ ਪ੍ਰਦੀਪ ਸਿੰਘ ਨੇ ਦੱਸਿਆ ਹੈ ਕਿ ਕਰਨ ਅਤੇ ਸੰਜੀਵ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਿਆ ਸੀ ਕਿ ਉਸ ਦੇ ਹੋਰ ਵੀ ਕਈ ਸਾਥੀ ਵਾਰਦਾਤਾਂ ‘ਚ ਸ਼ਾਮਿਲ ਹਨ, ਜਿਸ ਦੇ ਚੱਲਦਿਆਂ ਪੁਲਿਸ ਨੇ ਅਮਨ ਅਤੇ ਭੋਲਾ ਨੂੰ ਕਾਬੂ ਕਰ ਲਿਆ ਹੈ। ਦੋਸ਼ੀ ਭੋਲਾ ਨੇ ਪੁੱਛਗਿੱਛ ‘ਚ ਦੱਸਿਆ ਹੈ ਕਿ ਉਹ ਆਟੋ ‘ਚ ਨਾਲ ਬੈਠ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ।ਦੋਸ਼ੀ ਕਰਨ ਆਟੋ ਚਲਾਉਂਦਾ ਸੀ, ਜਦਕਿ ਸੰਜੀਵ ਤੇ ਭੋਲਾ ਪਿੱਛੇ ਬੈਠ ਸਵਾਰੀਆਂ ਦੀ ਨਗਦੀ ਅਤੇ ਮੋਬਾਇਲ ਫੋਨ ਕੱਢਦੇ ਸੀ। ਦੋਸ਼ੀ ਭੋਲੇ ਕੋਲੋ 4 ਹੋਰ ਮੋਬਾਇਲ ਫੋਨ ਵੀ ਬਰਾਮਦ ਕੀਤੇ ਗਏ। ਉਸ ਖਿਲਾਫ ਪਹਿਲਾ ਵੀ ਝਪਟਮਾਰੀ ਅਤੇ ਚੋਰੀ ਦੇ 3 ਮਾਮਲੇ ਦਰਜ ਹਨ। ਦੋਸ਼ੀ ਨਸ਼ੇ ਦੇ ਆਦੀ ਦੱਸੇ ਜਾਂਦੇ ਹਨ। ਜਾਂਚ ਅਫਸਰ ਮੁਤਾਬਕ ਭੋਲੇ ਦੇ ਪਰਿਵਾਰ ਨੇ ਉਸ ਨੂੰ ਘਰ ਤੋਂ ਬੇਦਖਲ ਕੀਤਾ ਹੋਇਆ ਹੈ। ਉਹ ਪ੍ਰਤਾਪ ਚੌਕ ਦੇ ਕੋਲ ਬਣੀ ਪਾਰਕ ‘ਚ ਸੌਂਦਾ ਸੀ ਅਤੇ ਉੱਥੇ ਹੀ ਖਾਣਾ ਆਦਿ ਖਾਂਦਾ ਸੀ।
ਸਬ ਇੰਸਪੈਕਟਰ ਪ੍ਰਦੀਪ ਸਿੰਘ ਨੇ ਇਹ ਵੀ ਦੱਸਿਆ ਕਿ ਅਮਨ ਕੁਮਾਰ ਫੈਕਟਰੀ ‘ਚ ਨੌਕਰੀ ਕਰਦਾ ਹੈ ਉਹ ਉਕਤ 3 ਦੋਸ਼ੀਆਂ ਦਾ ਦੋਸਤ ਹੈ। ਉਹ ਵਾਰਦਾਤਾਂ ਕਰ ਕੇ ਬਰਾਮਦ ਹੋਏ ਮੋਬਾਇਲ ਲਿਆ ਕੇ ਅਮਨ ਨੂੰ 2500 ਰੁਪਏ ‘ਚ ਵੇਚ ਦਿੰਦਾ ਸੀ। ਮੋਬਾਇਲ ਦੀ ਕੀਮਤ 15 ਤੋਂ 30 ਹਜ਼ਾਰ ਰੁਪਏ ਦੇ ਵਿਚਾਲੇ ਹੁੰਦੀ ਸੀ ਪਰ ਅਮਨ ਕੰਮ ਦੌਰਾਨ ਨੇੜੇ ਦੀਆਂ ਫੈਕਟਰੀਆਂ ‘ਚ ਕੰਮ ਕਰਨ ਵਾਲੇ ਪ੍ਰਵਾਸੀਆਂ ਨੂੰ 4000 ਰੁਪਏ ‘ਚ ਵੇਚ ਦਿੰਦਾ ਸੀ। ਅਮਨ ਤੋਂ 2 ਮੋਬਾਇਲ ਬਰਾਮਦ ਹੋਏ ਹਨ। ਪੁਲਿਸ ਦੋਸ਼ੀਆਂ ਦੇ ਹੋਰ ਸਾਥੀਆਂ ਦੀ ਵੀ ਭਾਲ ਕਰ ਰਹੀ ਹੈ।