robbers kill minor snatching mobile: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ ਨੇ ਕਹਿਰ ਮਚਾ ਰੱਖਿਆ ਹੈ। ਆਏ ਦਿਨ ਬੇਖੌਫ ਲੁਟੇਰੇ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ ਪਰ ਇਨ੍ਹਾਂ ‘ਤੇ ਲਗਾਮ ਕੱਸਣ ‘ਚ ਪੁਲਿਸ ਵੀ ਨਾਕਾਮ ਹੁੰਦੀ ਨਜ਼ਰ ਆ ਰਹੀ ਹੈ। ਅਜਿਹੀ ਹੀ ਲੁੱਟ ਦੀ ਖੌਫਨਾਕ ਵਾਰਦਾਤ ਲੁਧਿਆਣਾ ‘ਚ ਵਾਪਰੀ ਹੈ, ਜਿਸ ਦੌਰਾਨ ਨਾਬਾਲਿਗ ਨੂੰ ਆਪਣੀ ਜਾਨ ਗੁਆਉਣੀ ਪਈ। ਮਿਲੀ ਜਾਣਕਾਰੀ ਮੁਤਾਬਕ ਸ਼ਹਿਰ ਦੇ ਡਾਬਾ ਇਲਾਕੇ ’ਚ ਦੋਸਤ ਦੇ ਨਾਲ ਸਵੇਰਸਾਰ ਸੈਰ ਨੂੰ ਨਿਕਲੇ ਨਾਬਾਲਿਗ ਨੂੰ ਮੋਟਰਸਾਈਕਲ ਸਵਾਰ 3 ਲੁਟੇਰਿਆਂ ਨੇ ਘੇਰ ਲਿਆ। ਜਦੋਂ ਲੁਟੇਰਿਆਂ ਨੇ ਉਸ ਦਾ ਮੋਬਾਇਲ ਖੋਹਣਾ ਚਾਹਿਆ ਤਾਂ ਨਾਬਾਲਿਗ ਮੁੰਡੇ ਨੇ ਵਿਰੋਧ ਕੀਤਾ। ਇਸ ’ਤੇ ਮੋਟਰਸਾਈਕਲ ਸਵਾਰ ਇਕ ਲੁਟੇਰੇ ਨੇ ਚਾਕੂ ਕੱਢ ਕੇ ਉਸ ਦੇ ਢਿੱਡ ’ਚ ਮਾਰ ਦਿੱਤਾ। ਚਾਕੂ ਲੱਗਣ ਨਾਲ ਮੁੰਡੇ ਦੇ ਢਿੱਡ ਦੀਆਂ ਆਂਦਰਾਂ ਬਾਹਰ ਆ ਗਈਆਂ, ਜਦਕਿ ਦੂਜਾ ਦੋਸਤ ਇੰਨਾ ਡਰ ਗਿਆ ਕਿ ਉਹ ਖੜ੍ਹੇ ਰਹਿ ਕੇ ਇਹ ਖ਼ੌਫਨਾਕ ਮੰਜਰ ਦੇਖਦਾ ਰਿਹਾ।
ਲੁਟੇਰਿਆਂ ਦੇ ਜਾਣ ਤੋਂ ਬਾਅਦ ਦੋਸਤ ਨੇ ਜ਼ਖਮੀ ਮੁੰਡੇ ਦੇ ਘਰ ਵਾਲਿਆਂ ਨੂੰ ਜਾਣਕਾਰੀ ਦਿੱਤੀ। ਇਸ ਦੌਰਾਨ ਘਟਨਾ ਸਥਾਨ ’ਤੇ ਪਹੁੰਚੇ ਪਰਿਵਾਰ ਨੇ ਉਕਤ ਜ਼ਖਮੀ ਮੁੰਡੇ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਮਨਦੀਪ ਸਿੰਘ (17) ਦੇ ਨਾਂ ਨਾਲ ਹੋਈ ਹੈ, ਜੋ ਕਿ ਗਿਆਸਪੁਰਾ ਦਾ ਰਹਿਣ ਵਾਲਾ ਸੀ। ਦੱਸ ਦੇਈਏ ਕਿ ਇਸ ਘਟਨਾ ਸਬੰਧੀ ਪੁਲਿਸ ਨੂੰ ਇਕ ਸੀ.ਸੀ.ਟੀ.ਵੀ. ਫੁਟੇਜ ਵੀ ਮਿਲੀ ਹੈ, ਜਿਸ ’ਚ ਮੁਲਜ਼ਮ ਨਜ਼ਰ ਆ ਰਹੇ ਹਨ। ਹਾਲ ਦੀ ਘੜੀ ਪੁਲਸ ਨੇ ਫੁਟੇਜ ਕਬਜ਼ੇ ’ਚ ਲੈ ਲਈ ਹੈ ਅਤੇ ਲਾਸ਼ ਪੋਸਟਮਾਰਟਮ ਲਈ ਭੇਜ ਕੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕਤਲ ਅਤੇ ਲੁੱਟ ਦਾ ਪਰਚਾ ਦਰਜ ਕੀਤਾ ਹੈ।
ਇਹ ਵੀ ਦੇਖੋ– Canada ਗਏ Lovepreet ਨੇ ਕਿਉਂ ਚੁਣੀ ਮੌਤ?ਪੰਜਾਬ ‘ਚ ਮਾਪੇ ਹਾਲੋ-ਬੇਹਾਲ,ਆਖਰੀ ਵਾਰ ਫੋਨ ਕਰ ਪਿਓ ਨੂੰ ਕਹੇ ਸੀ ਇਹ ਬੋਲ