SAD protest Slogans Modi Murdabad: ਲੁਧਿਆਣਾ (ਤਰਸੇਮ ਭਾਰਦਵਾਜ)-ਕਿਸਾਨਾਂ ਦੇ ਹੱਕ ‘ਚ ਉਤਰੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਖੇਤੀ ਬਿੱਲਾਂ ਖਿਲਾਫ ਅੱਜ ਰੋਸ ਮੁਜ਼ਾਹਰਿਆਂ ਦਾ ਸਿਲਸਿਲਾ ਜਾਰੀ ਰਿਹਾ। ਜਾਣਕਾਰੀ ਮੁਤਾਬਕ ਅੱਜ ਲੁਧਿਆਣਾ ਦੇ ਜਨਤਾ ਨਗਰ ਚੌਕ ਵਿਖੇ ਹਲਕਾ ਇੰਚਾਰਜ ਆਤਮ ਨਗਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਗੁਰਮੀਤ ਸਿੰਘ ਕੁਲਾਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਜ਼ੀਰੀਆਂ ਨੂੰ ਠੋਕਰ ਮਾਰ ਕੇ ਅੱਜ ਕਿਸਾਨ ਦੇ ਨਾਲ ਖੜ੍ਹਾ ਹੈ। ਇੰਡਸਟਰੀ ਦੀ ਵਿਸ਼ੇਸ਼ ਤੌਰ ‘ਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਖੁਸ਼ ਹੈ ਇੰਡਸਟਰੀ ਵੀ ਤਾਹੀਂ ਖੁਸ਼ ਹੋਵੇਗੀ, ਕਿਸਾਨ ਖੁਸ਼ ਹੋਵੇਗਾ ਤਾਂ ਹੀ ਮਸ਼ੀਨਾਂ ਖਰੀਦੇਗਾ ਤੇ ਕਾਰੋਬਾਰ ਵਧੇਗਾ। ਕੁਲਾਰ ਨੇ ਕਿਹਾ ਕਿ ਦੇਸ਼ ਦੇ ਅੰਨਦਾਤੇ ਨੂੰ ਅਜੇ ਸੜਕਾਂ ‘ਤੇ ਉੱਤਰਨ ਲਈ ਮਜਬੂਰ ਹੋਣਾ ਪਿਆ ਹੈ। ਵਿਰੋਧੀ ਪਾਰਟੀਆਂ ਵੱਲੋਂ ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ੇ ਨੂੰ ਇੱਕ ਡਰਾਮਾ ਕਰਾਰ ਦੇਣ ਦੇ ਸਵਾਲ ‘ਤੇ ਕੁਲਾਰ ਨੇ ਕਿਹਾ ਕਿ ਨਤੀਜਾ ਸਾਹਮਣੇ ਹੈ, ਅਸਤੀਫਾ ਮਨਜ਼ੂਰ ਵੀ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਸਾਡਾ ਮੁੱਦਾ ਕੇਵਲ ਕਿਸਾਨ ਹਨ।
ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ‘ਮੋਦੀ ਸਰਕਾਰ ਮੁਰਦਾਬਾਦ, ਕੇਂਦਰ ਸਰਕਾਰ ਮੁਰਦਾਬਾਦ’ ਦੇ ਨਾਅਰੇ ਲਗਾ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਰੋਸ ਪ੍ਰਦਰਸ਼ਨ ‘ਚ ਵੱਡੀ ਗਿਣਤੀ ‘ਚ ਅਕਾਲੀ ਆਗੂ ਤੇ ਵਰਕਰ ਹਾਜ਼ਰ ਸਨ। ਦੱਸ ਦੇਈਏ ਕਿ ਕਿਸਾਨਾਂ ਨੇ ਕੇਂਦਰ ਸਰਕਾਰ ਤੋਂ ਖੇਤੀ ਬਿੱਲ ਨੂੰ ਤਰੁੰਤ ਰੱਦ ਕਰਨ ਦੀ ਮੰਗ ਨਾਲ ਅੱਜ ‘ਪੰਜਾਬ ਬੰਦ’ ਦਾ ਸੱਦਾ ਦਿੱਤਾ ਹੈ, ਜਿਸ ਨੂੰ ਅੱਜ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨਾਲ ਵੱਖ-ਵੱਖ ਅਦਾਕਾਰਾ ਵੀ ਭਰਵਾ ਹੁੰਗਾਰਾ ਦੇ ਰਹੇ ਹਨ।