sad tractor rally manpreet ayali: ਲੁਧਿਆਣਾ (ਤਰਸੇਮ ਭਾਰਦਵਾਜ)- ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਬਿੱਲ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਹੱਕ ‘ਚ ਹੁਣ ਮੁੱਲਾਂਪੁਰ ਦਾਖਾ ਦੇ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵੀ ਨਿਤਰੇ ਹਨ, ਜਿਨ੍ਹਾਂ ਨੇ ਅੱਜ ਭਾਵ ਬੁੱਧਵਾਰ ਨੂੰ ਵਿਰੋਧ ਕਰਦੇ ਹੋਏ ਟਰੈਕਟਰਾਂ ਦੀ ਦਹਾੜ ਰਾਹੀਂ ਕੇਂਦਰ ਸਰਕਾਰ ਨੂੰ ਫਟਕਾਰ ਲਾਉਂਦਿਆਂ ਆਰਡੀਨੈਂਸ ਰੱਦ ਕਰਨ ਦੀ ਮੰਗ ਕੀਤੀ ਹੈ। ਅੱਜ ਦੇ ਟਰੈਕਟਰ ਰੋਸ ਮਾਰਚ ਦੇ ਵੱਡੇ ਕਾਫਲਿਆਂ ‘ਚ ਸ਼ਾਮਲ ਕਿਸਾਨਾਂ ਨੇ ਟਰੈਕਟਰ ‘ਤੇ ਜਿੱਥੇ ਅਕਾਲੀ ਦਲ ਦਾ ਝੰਡਾ ਲਗਾਉਂਦਿਆਂ ਅਕਾਲੀ ਹਮਾਇਤੀ ਹੋਣ ਦਾ ਸਬੂਤ ਦਿੱਤਾ, ਉੱਥੇ ਹੀ ਦੂਸਰਾ ਕਾਲਾ ਝੰਡਾ ਲਗਾਉਂਦਿਆਂ ਕੇਂਦਰ ਸਰਕਾਰ ਦੇ ਆਰਡੀਨੈਂਸਾਂ ਪ੍ਰਤੀ ਵਿਰੋਧ ਜਤਾਇਆ। ਇਹ ਟਰੈਕਟਰ ਮਾਰਚ ਜਗਰਾਓਂ ਦੇ ਪਿੰਡ ਸਵੱਦੀ ਕਲਾਂ ਦੀ ਦਾਣਾ ਮੰਡੀ ਤੋਂ ਸ਼ੁਰੂ ਹੋਇਆ।
ਇਸ ਮੌਕੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਇਆਲੀ ਨੇ ਕਿਹਾ ਕਿ ਕੇਂਦਰ ਸਰਕਾਰ ਇਨ੍ਹਾਂ ਆਰਡੀਨੈਂਸਾਂ ਰਾਹੀਂ ਦੇਸ਼ ਦੇ ਮੰਡੀ ਸਿਸਟਮ ਖਾਸ ਕਰ ਪੰਜਾਬ ਅਤੇ ਹਰਿਆਣਾ ਲਈ ਖਤਰਾ ਖੜ੍ਹਾ ਕਰਨ ਜਾ ਰਹੀ ਹੈ। ਸਰਕਾਰ ਇਨ੍ਹਾਂ ਬਿੱਲਾਂ ਰਾਹੀਂ ਕਿਸਾਨ ਨੂੰ ਵੱਡੇ ਘਰਾਣਿਆਂ ਹੇਠਾਂ ਲਗਾਉਂਦੀ ਹੋਈ ਗ਼ੁਲਾਮ ਬਣਾ ਦੇਵੇਗੀ ਪਰ ਇਤਿਹਾਸ ਗਵਾਹ ਹੈ ਕਿ ਪੰਜਾਬ ਦੇ ਕਿਸਾਨ ਤੇ ਜਵਾਨਾਂ ਨੇ ਭੁੱਖਮਰੀ ਅਤੇ ਦੇਸ਼ ਵੱਲ ਮਾੜੀ ਅੱਖ ਚੁੱਕਣ ਵਾਲਿਆਂ ਦੁਸ਼ਮਣਾਂ ਨੂੰ ਹਮੇਸ਼ਾ ਭਜਾਇਆ ਹੈ। ਹੁਣ ਕੇਂਦਰ ਸਰਕਾਰ ਵੀ ਆਪਣੀ ਤਿਆਰੀ ਕਰ ਲਵੇ।
ਇਹ ਰੋਸ ਮਾਰਚ ਸੜਕਾਂ ‘ਤੇ ਕੇਂਦਰ ਸਰਕਾਰ ਨੂੰ ਕੋਸਦਾ ਹੋਇਆ ਖੇਤੀ ਆਰਡੀਨੈਂਸਾਂ ਨੂੰ ਰੱਦ ਕਰਨ ਦੀ ਮੰਗ ਕਰਦਾ ਹੋਇਆ ਬੱਦੋਵਾਲ ਵਿਖੇ ਸਮਾਪਤ ਹੋਇਆ। ਇਸ ਮੌਕੇ ਅਮਰਜੀਤ ਸਿੰਘ ਮੁੱਲਾਂਪੁਰ, ਰਾਮ ਆਸਰਾ ਚੱਕ ਕਲਾਂ, ਸਿਕੰਦਰ ਸਿੰਘ ਧਨੋਆ, ਸਵਰਨਜੀਤ ਸਿੰਘ ਗਿੱਲ, ਸੱਜਣ ਕੁਮਾਰ ਬਾਂਸਲ, ਬਲਵੀਰ ਸਿੰਘ ਚੱਕ ਆਦਿ ਪਹੁੰਚੇ।