Secretary Mandi Board visited Ludhiana: ਲੁਧਿਆਣਾ (ਤਰਸੇਮ ਭਾਰਦਵਾਜ)-ਸੂਬੇ ਦੀਆਂ ਮੰਡੀਆਂ ‘ਚ ਝੋਨੇ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਮੰਡੀ ਬੋਰਡ ਦੇ ਸਕੱਤਰ ਰਵੀ ਭਗਤ ਵੱਲੋਂ ਜ਼ਿਲ੍ਹਾ ਲੁਧਿਆਣਾ ਦੀਆਂ ਮੰਡੀਆਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਕਿਸਾਨਾਂ, ਆੜ੍ਹਤੀਆਂ ਅਤੇ ਹੋਰ ਭਾਈਵਾਲਾਂ ਨਾਲ ਝੋਨੇ ਦੀ ਖਰੀਦ ਸਬੰਧੀ ਪ੍ਰਗਤੀ ਦਾ ਜਾਇਜਾ ਲਿਆ। ਦੱਸ ਦੇਈਏ ਕਿ ਸਕੱਤਰ ਰਵੀ ਭਗਤ ਨੇ ਜ਼ਿਲ੍ਹੇ ‘ਚ ਖੰਨਾ, ਦੋਰਾਹਾ ਅਤੇ ਸਾਹਨੇਵਾਲ ਮੰਡੀਆਂ ਦਾ ਦੌਰਾ ਕੀਤਾ। ਆਪਣੇ ਦੌਰੇ ਮੌਕੇ ਸਕੱਤਰ ਨੇ ਮੰਡੀ ਬੋਰਡ ਅਤੇ ਮਾਰਕੀਟ ਕਮੇਟੀਆਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਤੋਂ ਇਲਾਵਾ ਕਿਸਾਨਾਂ ਅਤੇ ਆੜ੍ਹਤੀਆਂ ਨਾਲ ਗੱਲਬਾਤ ਕਰਕੇ ਮੰਡੀਆਂ ‘ਚ ਚੱਲ ਰਹੇ ਨਿਰਵਿਘਨ ਖਰੀਦ ਕਾਰਜਾਂ ‘ਤੇ ਤਸੱਲੀ ਜ਼ਾਹਰ ਕੀਤੀ। ਉਹਨਾਂ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਇਹਨਾਂ ਔਖੇ ਸਮਿਆਂ ‘ਚ ਕਿਸਾਨਾਂ ਦੀ ਫਸਲ ਦਾ ਇਕ-ਇਕ ਦਾਣਾ ਖਰੀਦਣ ਲਈ ਵਚਨਬੱਧ ਹੈ।
ਮੰਡੀ ਬੋਰਡ ਦੇ ਸਕੱਤਰ ਨੇ ਦੱਸਿਆ ਕਿ ਕੋਵਿਡ ਦੇ ਮੱਦੇਨਜ਼ਰ ਇਸ ਵਾਰ ਮੰਡੀਆਂ ਦੀ ਗਿਣਤੀ ਦੁੱਗਣੀ ਤੋਂ ਵੱਧ ਕੀਤੀ ਗਈ ਹੈ। ਸੂਬੇ ‘ਚ ਇਸ ਵਾਰ 4260 ਮੰਡੀਆਂ ਬਣਾਈਆਂ ਗਈਆਂ ਹਨ ਤਾਂ ਕਿ ਕਿਸਾਨਾਂ ਨੂੰ ਫਸਲ ਲਿਆਉਣ ਲਈ ਕਿਸੇ ਤਰ੍ਹਾਂ ਦੀ ਮੁਸ਼ਕਲ ਪੇਸ਼ ਨਾ ਆਵੇ। ਉਹਨਾਂ ਦੱਸਿਆ ਕਿ ਝੋਨੇ ਦੀ ਪੜਾਅਵਾਰ ਖਰੀਦ ਦੇ ਮੱਦੇਨਜ਼ਰ ਕਿਸਾਨਾਂ ਨੂੰ ਆੜ੍ਹਤੀਆਂ ਰਾਹੀਂ ਹੁਣ ਤੱਕ 10 ਲੱਖ ਕਲਰ ਕੋਡਡ ਪਾਸ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਸੂਬੇ ਦੀਆਂ ਮੰਡੀਆਂ ‘ਚ ਹੁਣ ਤੱਕ 30 ਲੱਖ ਮੀਟਰਕ ਟਨ ਝੋਨੇ ਦੀ ਆਮਦ ਹੋਈ ਹੈ, ਜਿਸ ‘ਚੋਂ 90 ਪ੍ਰਤੀਸ਼ਤ ਖਰੀਦ ਕਰ ਲਈ ਗਈ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਿਰਧਾਰਤ ਨਮੀ ਵਾਲਾ ਸੁੱਕਾ ਝੋਨਾ ਹੀ ਮੰਡੀਆਂ ‘ਚ ਲਿਆਂਦਾ ਜਾਵੇ ਤਾਂ ਜੋ ਫਸਲ ਦੀ ਤੁਰੰਤ ਖਰੀਦ ਨੂੰ ਯਕੀਨੀ ਬਣਾਇਆ ਜਾ ਸਕੇ।
ਕੋਰੋਨਾਵਾਇਰਸ ਦੇ ਮੱਦੇਨਜ਼ਰ ਚੁੱਕੇ ਜਾ ਰਹੇ ਇਤਿਆਤੀ ਕਦਮਾਂ ਬਾਰੇ ਵਿਸਥਾਰ ‘ਚ ਦੱਸਦਿਆਂ ਸਕੱਤਰ ਨੇ ਆਖਿਆ ਕਿ ਸੂਬੇ ਦੇ ਸਾਰੇ ਖਰੀਦ ਕੇਂਦਰਾਂ ‘ਚ ਢੁੱਕਵੀਂ ਮਾਤਰਾ ‘ਚ ਮਾਸਕ, ਸੈਨੀਟਾਈਜ਼ਰ ਤੋਂ ਇਲਾਵਾ ਹੱਥ ਧੋਣ ਲਈ ਢੁੱਕਵੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਸਿਹਤ ਪ੍ਰੋਟੋਕੋਲ ਖਾਸ ਤੌਰ ‘ਤੇ ਸਮਾਜਿਕ ਦੂਰੀ ਦੀ ਸਖਤੀ ਨਾਲ ਪਾਲਣਾ ਦੀ ਲੋੜ ‘ਤੇ ਜ਼ੋਰ ਦਿੰਦਿਆਂ ਸ੍ਰੀ ਭਗਤ ਨੇ ਸਾਰੀਆਂ ਧਿਰਾਂ ਨੂੰ ਸਿਹਤ ਸੁਰੱਖਿਆ ਲਈ ਇਸ ਨੂੰ ਅਪਣਾਉਣ ਦੀ ਅਪੀਲ ਕੀਤੀ। ਝੋਨੇ ਦਾ ਇਕ-ਇਕ ਦਾਣਾ ਖਰੀਦਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਉਹਨਾਂ ਕਿਹਾ ਕਿ ਝੋਨੇ ਦੀ ਖਰੀਦ 30 ਨਵੰਬਰ ਤੱਕ ਜਾਰੀ ਰਹੇਗੀ ਤਾਂ ਜੋ ਕਿਸਾਨ ਬਿਨਾਂ ਕਿਸੇ ਦਿੱਕਤ ਤੋਂ ਆਪਣੀ ਉਪਜ ਮੰਡੀਆਂ ‘ਚ ਲਿਆ ਸਕਣ।
ਉਨ੍ਹਾਂ ਨੇ ਦੱਸਿਆ ਕਿ ਜੇਕਰ ਕਿਸੇ ਧਿਰ ਨੂੰ ਖਰੀਦ ਕਾਰਜਾਂ ਨਾਲ ਸਬੰਧਤ ਕੋਈ ਵੀ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਸਬੰਧਤ ਮਾਰਕੀਟ ਕਮੇਟੀਆਂ ਅਤੇ ਮੰਡੀ ਬੋਰਡ ਦੇ ਮੋਹਾਲੀ ਸਥਿਤ ਹੈੱਡਕੁਆਰਟਰ ਵਿਖੇ ਸ਼ਿਕਾਇਤਾਂ ਦੇ ਨਿਵਾਰਨ ਲਈ ਸਥਾਪਤ ਕੀਤੇ ਸਟੇਟ ਕੰਟਰੋਲ ਰੂਮ ਨਾਲ ਸੰਪਰਕ ਕਾਇਮ ਕਰ ਸਕਦਾ ਹੈ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਖੰਨਾ ਗੁਰਦੀਪ ਸਿੰਘ ਰਸੂਲੜਾ, ਚੇਅਰਮੈਨ ਮਾਰਕੀਟ ਕਮੇਟੀ ਦੋਰਾਹਾ ਰਾਜਵਿੰਦਰ ਸਿੰਘ ਬੇਗੋਵਾਲ, ਐਸ.ਡੀ.ਐਮ. ਸੰਦੀਪ ਸਿੰਘ, ਐਸ.ਡੀ.ਐਮ. ਮਨਕੰਵਲ ਸਿੰਘ, ਡੀ.ਐਫ.ਐਸ.ਸੀ.(ਪੂਰਬੀ) ਸ੍ਰੀਮਤੀ ਹਰਲੀਨ ਕੌਰ, ਸਕੱਤਰ ਮਾਰਕੀਟ ਕਮੇਟੀ ਦਲਵਿੰਦਰ ਸਿੰਘ, ਸਕੱਤਰ ਮਾਰਕੀਟ ਕਮੇਟੀ ਸ੍ਰੀਮਤੀ ਹਰਪ੍ਰੀਤ ਕੌਰ ਅਤੇ ਪ੍ਰਧਾਨ ਆੜਤੀਆ ਐਸੋਸੀਏਸ਼ਨ ਖੰਨਾ ਹਰਬੰਸ ਸਿੰਘ ਰੋਸ਼ਾ ਤੋਂ ਇਲਾਵਾ ਆੜਤੀ ਤੇ ਕਿਸਾਨ ਵੀ ਪਹੁੰਚੇ।