senior constables arrested drug trafficking: ਲੁਧਿਆਣਾ (ਤਰਸੇਮ ਭਾਰਦਵਾਜ)-ਜ਼ਿਲ੍ਹਾਂ ਪੁਲਿਸ ਕਮਿਸ਼ਨਰ ਨੇ ਖਮਾਣੋਂ ਪੁਲਿਸ ਵਲੋਂ ਅਫ਼ੀਮ ਸਮੇਤ ਗਿ੍ਫ਼ਤਾਰ ਕੀਤੇ ਕਾਂਸਟੇਬਲ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਖਮਾਣੋਂ ਪੁਲਿਸ ਵਲੋਂ ਇਸ ਮਾਮਲੇ ‘ਚ ਕਾਂਸਟੇਬਲ ਰਣਵੀਰ ਸਿੰਘ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਦੱਸ ਦੇਈਏ ਕਿ ਰਣਵੀਰ ਸਿੰਘ ਲੁਧਿਆਣਾ ਪੁਲਿਸ ‘ਚ ਤਾਇਨਾਤ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਮੁਲਾਜ਼ਮਾਂ ਦੀ ਪੁਲਿਸ ਮਹਿਕਮੇ ‘ਚ ਕੋਈ ਥਾਂ ਨਹੀਂ ਹੈ। ਇਸ ਸਬੰਧੀ ਉੱਚ ਪੁਲਿਸ ਅਧਿਕਾਰੀਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।
ਫਤਿਹਗੜ੍ਹ ਸਾਹਿਬ ਦੀ ਐੱਸ.ਐੱਸ.ਪੀ ਅਮਨੀਤ ਕੌਂਡਲ ਨੇ ਦੱਸਿਆ ਹੈ ਕਿ ਪੁਲਿਸ ਟੀਮ ਨੇ ਨਾਕਾਬੰਦੀ ਦੌਰਾਨ ਕਾਰ ‘ਚ ਆ ਰਹੇ ਨਵਜੋਤ ਸਿੰਘ ਨੂੰ ਰੁਕਣ ਦਾ ਇਸ਼ਾਰਾ ਕੀਤਾ। ਉਸ ਦੇ ਨਾਕੇ ਤੋਂ ਕਾਰ ਭਜਾਉਣ ਦੀ ਕੋਸ਼ਿਸ ਕੀਤੀ ਪਰ ਪੁਲਿਸ ਨੇ ਉਸ ਨੂੰ ਫੜ੍ਹ ਲਿਆ। ਕਾਰ ਦੀ ਤਲਾਸ਼ੀ ਲੈਣ ‘ਤੇ ਇਕ ਕਿਲੋ ਅਫੀਮ ਅਤੇ ਸੱਤ ਕਿਲੋ ਚੂਰਾਪੋਸਤ ਬਰਾਮਦ ਕੀਤਾ ਗਿਆ। ਪੁੱਛਗਿੱਛ ਕਰਨ ‘ਤੇ ਪਤਾ ਲੱਗਿਆ ਕਿ ਨਵਜੋਤ ਸਿੰਘ ਆਪਣੇ ਰਿਸ਼ਤੇਦਾਰ ਰਣਬੀਰ ਸਿੰਘ ਨੂੰ ਅਫੀਮ ਅਤੇ ਚੂਰਾਪੋਸਤ ਸਪਲਾਈ ਕਰਦਾ ਹੈ। ਦੋਵੇਂ 2015 ਤੋਂ ਇਹ ਧੰਦਾ ਕਰਦੇ ਆ ਰਹੇ ਹਨ। ਪੁਲਿਸ ਨੇ ਰਣਬੀਰ ਨੂੰ ਵੀ ਫੜ੍ਹ ਲਿਆ ਹੈ। ਦੱਸਿਆ ਜਾਂਦਾ ਹੈ ਕਿ ਰਣਬੀਰ ਲੁਧਿਆਣਾ ਦੇ ਨਾਰਕੋਟਿਕਸ ਸੈੱਲ ਅਤੇ ਨਵਜੋਤ ਸਿੰਘ ਆਈ.ਜੀ. ਦਫਤਰ ਲੁਧਿਆਣਾ ‘ਚ ਤਾਇਨਾਤ ਸੀ। ਇਨ੍ਹਾਂ ਦਾ ਤੀਜਾ ਸਾਥੀ ਸਮਰਾਲਾ ਦੇ ਲੋਪੋਂ ਪਿੰਡ ਦਾ ਰਹਿਣ ਵਾਲਾ ਹਰਚੰਦ ਸਿੰਘ ਹਾਲੇ ਫਰਾਰ ਦੱਸਿਆ ਜਾ ਰਿਹਾ ਹੈ।