Shopkeeper not wear mask police: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਉਸ ਸਮੇਂ ਹੰਗਾਮਾ ਵਾਲੀ ਸਥਿਤੀ ਪੈਦਾ ਹੋ ਗਈ, ਜਦੋਂ ਇੱਥੇ ਇਕ ਦੁਕਾਨਦਾਰ ਵੱਲੋਂ ਮਾਸਕ ਨਾ ਪਹਿਨਣ ਨੂੰ ਲੈ ਕੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਉਸ ਨਾਲ ਧੱਕੇਸ਼ਾਹੀ ਕੀਤੀ। ਇੰਨਾ ਹੀ ਨਹੀਂ ਵਿਵਾਦ ਉਦੋ ਪੈਦਾ ਹੋ ਗਿਆ ਜਦੋਂ ਸ਼ਰੇਆਮ ਪੁਲਿਸ ਨੇ ਗੁੰਡਾਗਰਦੀ ਦਿਖਾ ਕੇ ਦੁਕਾਨਦਾਰ ਦੀ ਕੁੱਟਮਾਰ ਕੀਤੀ। ਪੁਲਿਸ ਦੇ ਅਜਿਹੇ ਵਤੀਰੇ ਨੂੰ ਦੇਖ ਲੋਕ ਭੜਕ ਗਏ।
ਦੱਸਣਯੋਗ ਹੈ ਕਿ ਇਹ ਘਟਨਾ ਜ਼ਿਲ੍ਹੇ ਦੇ ਕਾਕੋਵਾਲ ਰੋਡ ‘ਤੇ ਉਸ ਸਮੇਂ ਵਾਪਰੀ ਜਦੋਂ ਬੀਤੇ ਦਿਨ ਦੇਰ ਰਾਤ ਲਗਭਗ ਸਾਢੇ ਸੱਤ ਵਜੇ ਫੌਜੀ ਪ੍ਰਾਪਰਟੀ ਡੀਲਰ ਪੇਂਟ ਐਂਡ ਹਾਰਡਵੇਅਰ ਨਾਂ ਦੀ ਦੁਕਾਨ ਦੀ ਮਾਲਕ ਆਪਣੇ ਦੁਕਾਨ ਦੇ ਬਾਹਰ ਬੈਠਾ ਸੀ, ਜਿਸ ਨੇ ਮਾਸਕ ਨਹੀਂ ਪਹਿਨਿਆ ਹੋਇਆ ਸੀ। ਇੰਨੇ ਨੂੰ ਚੈਕਿੰਗ ਕਰਨ ਪਹੁੰਚੀ ਐੱਸ.ਐੱਚ.ਓ ਅਰਸ਼ਪ੍ਰੀਤ ਕੌਰ ਅਤੇ ਹੋਰ ਪੁਲਿਸ ਕਰਮਚਾਰੀਆਂ ਨੇ ਉਸ ਦੁਕਾਨਦਾਰ ਨਾਲ ਧੱਕੇਸ਼ਾਹੀ ਕੀਤੀ। ਇੰਨਾ ਹੀ ਨਹੀਂ ਉਸ ਨਾਲ ਕੁੱਟਮਾਰ ਵੀ ਕੀਤੀ।
ਇਸ ਮਾਮਲੇ ਸਬੰਧੀ ਪੀੜਤ ਵਿਅਕਤੀ ਦੀ ਪਤਨੀ ਨੇ ਦੱਸਿਆ ਹੈ ਕਿ ਉਨ੍ਹਾਂ ਵੱਲੋਂ ਆਪਣੀ ਗਲਤੀ ਮੰਨ ਲੈਣ ਤੋਂ ਬਾਅਦ ਵੀ ਪੁਲਿਸ ਨੇ ਉਨ੍ਹਾਂ ਨਾਲ ਮਾੜਾ ਵਰਤਾਓ ਕੀਤਾ ਹੈ। ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਇਸ ਤੋਂ ਪਹਿਲਾਂ ਵੀ ਇਕ ਵਾਰ ਪੁਲਿਸ ਨੇ ਉਨ੍ਹਾਂ ਨਾਲ ਅਜਿਹਾ ਵਰਤਾਓ ਕੀਤਾ ਸੀ। ਹੁਣ ਵੀ ਪੁਰਾਣੀ ਰੰਜ਼ਿਸ਼ ਨੂੰ ਲੈ ਕੇ ਪੁਲਿਸ ਉਨ੍ਹਾਂ ਨਾਲ ਇੰਝ ਕਰ ਰਹੀ ਹੈ। ਇਸ ਦੌਰਾਨ ਮੌਕੇ ‘ਤੇ ਮੌਜੂਦ ਲੋਕਾਂ ਨੇ ਐੱਸ.ਐੱਚ.ਓ ਅਤੇ ਪੁਲਿਸ ‘ਤੇ ਗੰਭੀਰ ਦੋਸ਼ ਲਾਉਂਦੇ ਹੋਏ ਦੱਸਿਆ ਕਿ ਦੁਕਾਨਦਾਰ ਵੱਲੋਂ ਆਪਣੀ ਗਲਤੀ ਮੰਨਣ ‘ਤੇ ਵੀ ਪੁਲਿਸ ਨੇ ਗੁੰਡਾਗਰਦੀ ਦਿਖਾਈ ਹੈ। ਦੂਜੇ ਪਾਸੇ ਮੌਕੇ ‘ਤੇ ਸੁਖਦੇਵ ਬਾਬਾ ਵਾਰਡ ਕੌਸਲਰ ਪਹੁੰਚੇ, ਜਿਨ੍ਹਾਂ ਨੇ ਪੁਲਿਸ ‘ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਅਤੇ ਕਿਹਾ ਕਿ ਦੁਕਾਨਦਾਰ ਨਾਲ ਕੋਈ ਵੀ ਧੱਕਾਸ਼ਾਹੀ ਨਹੀਂ ਹੋਈ। ਇਸ ਤੋਂ ਇਲਾਵਾ ਜਦੋਂ ਪੁਲਿਸ ਮੁਲਾਜ਼ਮਾਂ ਨਾਲ ਇਸ ਮਾਮਲੇ ਨੂੰ ਲੈ ਕੇ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨੇ ਟਾਲਮਟੋਲ ਕੀਤੀ।