Snatcher arrested mobile recoveries: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ‘ਤੇ ਨਕੇਲ ਕੱਸਦਿਆਂ ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕੀਤੀ ਹੈ। ਦਰਅਸਲ ਇੱਥੇ ਡੀਵੀਜ਼ਨ ਨੰਬਰ 6 ਦੀ ਪੁਲਿਸ ਨੇ ਇਕ ਅਜਿਹੇ ਲੁਟੇਰੇ ਨੂੰ ਕਾਬੂ ਕੀਤਾ ਹੈ ਜੋ ਕਿ ਇਕੱਲਾ ਹੀ ਰਾਹਗੀਰਾਂ ਤੋਂ ਮੋਬਾਇਲ ਫੋਨ ਖੋਹਦਾ ਸੀ ਅਤੇ ਇਸ ਦੇ ਨਾਲ ਹੀ ਉਹ 2 ਦੋਸ਼ੀ ਵੀ ਕਾਬੂ ਕੀਤੇ ਹਨ ਜੋ ਇਹ ਮੋਬਾਇਲ ਫੋਨ ਖਰੀਦਦੇ ਸੀ। ਦੋਸ਼ੀਆਂ ਦੀ ਪਛਾਣ ਹਰਦੀਪ ਸਿੰਘ ਉਰਫ ਚਾਚਾ, ਕੁਲਜੀਤ ਸਿੰਘ ਉਰਫ ਸ਼ੈਟੀ ਅਤੇ ਰੋਹਿਤ ਕੁਮਾਰ ਉਰਫ ਕਰਨ ਦੇ ਨਾਂ ਨਾਲ ਹੋਈ ਹੈ।ਦੋਸ਼ੀਆਂ ਕੋਲੋਂ 20 ਮੋਬਾਇਲ ਫੋਨ ਅਤੇ ਇਕ ਬਾਈਕ ਵੀ ਬਰਾਮਦ ਕੀਤੀ ਗਈ ਹੈ।
ਇਸ ਮਾਮਲੇ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਵੱਲੋਂ ਸਾਂਝੀ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਡੀਵੀਜ਼ਨ ਨੰਬਰ 6 ਦੇ ਐੱਸ.ਐੱਚ.ਓ ਅਮਨਦੀਰ ਸਿੰਘ ਬਰਾੜ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋਸ਼ੀ ਇਲਾਕੇ ‘ਚ ਇਕੱਲਾ ਹੀ ਘੁੰਮ ਰਿਹਾ ਹੈ। ਜਾਣਕਾਰੀ ਮਿਲਦਿਆਂ ਹੀ ਐੱਸ.ਐੱਚ.ਓ ਅਤੇ ਟੀਮ ਨੇ ਛਾਪਾ ਮਾਰਿਆ ਤੇ ਦੋਸ਼ੀ ਨੂੰ ਕਾਬੂ ਕਰ ਲਿਆ। ਉਸ ਦੇ ਕੋਲੋ ਮੌਕੇ ‘ਤੇ 20 ਮੋਬਾਇਲ ਫੋਨ ਬਰਾਮਦ ਕੀਤੇ ਗਏ।
ਪੁੱਛਗਿੱਛ ਦੌਰਾਨ ਦੋਸ਼ੀ ਨੇ ਆਪਣੇ ਗੁਨਾਹ ਕਬੂਲ ਕੀਤੇ ਅਤੇ ਉਸ ਨੇ ਇਹ ਵੀ ਦੱਸਿਆ ਕਿ ਉਹ ਇਕੱਲਾ ਹੀ ਬਾਈਕ ‘ਤੇ ਜਾਂਦਾ ਸੀ ਤੇ ਮੌਕਾ ਦੇਖ ਕੇ ਰਾਹਗੀਰਾਂ ਨੂੰ ਨਿਸ਼ਾਨਾ ਬਣਾਉਂਦਾ ਸੀ। ਫਿਰ ਉਹ ਮੋਬਾਇਲ ਫੋਨ ਲੈ ਕੇ ਦੋਸ਼ੀ ਕੁਲਜੀਤ ਅਤੇ ਰੋਹਿਤ ਕੋਲ ਜਾਂਦਾ ਸੀ। ਉਨ੍ਹਾਂ ਨੂੰ 500 ਤੋਂ ਲੈ ਕੇ 1500 ਰੁਪਏ ਤੱਕ ਮੋਬਾਇਲ ਫੋਨ ਵੇਚਦਾ ਸੀ, ਜੋ ਪੈਸੇ ਮਿਲਦੇ ਉਸ ਨਾਲ ਉਹ ਨਸ਼ਾ ਕਰਦਾ ਸੀ। ਹੁਣ ਤੱਕ ਦੋਸ਼ੀ ਨੇ 30 ਵਾਰਦਾਤਾਂ ਨੂੰ ਅੰਜ਼ਾਮ ਦੇ ਚੁੱਕਿਆ ਹੈ।
ਪੁਲਿਸ ਵੱਲੋਂ ਬਰਾਮਦ ਕੀਤੇ ਗਏ ਮੋਬਾਇਲ ਫੋਨ ਦੇ ਮਾਲਕਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਦੇ ਲਈ ਮੋਬਾਇਲ ਦੇ ਆਈ.ਐੱਮ.ਈ.ਆਈ ਨੰਬਰਾਂ ਨੂੰ ਖੰਗਾਲਿਆ ਜਾ ਰਿਹਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਮੋਬਾਇਲ ਕਿਸ ਵਿਅਕਤੀ ਦੇ ਨਾਂ ‘ਤੇ ਹੈ।