special campaign farmers burn straw: ਲੁਧਿਆਣਾ (ਤਰਸੇਮ ਭਾਰਦਵਾਜ)-ਪਰਾਲੀ ਨੂੰ ਅੱਗ ਲਗਾਉਣ ਦੇ ਮਾੜੇ ਪ੍ਰਭਾਵਾਂ ਬਾਰੇ ਕਿਸਾਨਾਂ ‘ਚ ਜਾਗਰੂਕਤਾ ਪੈਦਾ ਕਰਨ ਲਈ ਹਲਕਾ ਗਿੱਲ ਵਿਧਾਇਕ ਕੁਲਦੀਪ ਸਿੰਘ ਵੈਦ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਵੱਲੋ ਅੱਜ ਇਕ ਪੰਜਾਬੀ ਗੀਤ ਜਾਰੀ ਕੀਤਾ। ਇਸ ਗੀਤ ‘ਚ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੇ ਮਾੜੇ ਨਤੀਜਿਆਂ ਬਾਰੇ ਦਰਸਾਇਆ ਗਿਆ ਹੈ।ਇਸ ਗੀਤ ਨੂੰ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਵੱਲੋਂ ਲਿਖਿਆ ਗਿਆ ਹੈ ਅਤੇ ਫਤਹਿਗੜ੍ਹ ਸਾਹਿਬ ਤੋਂ ਗਾਇਕ ਰਾਮ ਸਿੰਘ ਅਲਬੇਲਾ ਨੇ ਗਾਇਆ ਜਦਕਿ ਸੰਗੀਤ ਰਾਜੂ ਧੀਮਾਨ ਨੇ ਦਿੱਤਾ ਹੈ।
ਵਿਧਾਇਕ ਕੁਲਦੀਪ ਸਿੰਘ ਵੈਦ ਅਤੇ ਡਿਪਟੀ ਕਮਿਸ਼ਨਰ ਵੱਲੋ 11 ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ, ਜੋ ਇਸ ਗਾਣੇ ਨਾਲ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਪ੍ਰੇਰਿਤ ਕਰਨਗੀਆਂ। ਜਾਗਰੂਕਤਾ ਵੈਨ ਆਤਮਾ ਅਤੇ ਖੇਤੀਬਾੜੀ ਵਿਭਾਗ ਦਾ ਸਾਂਝਾ ਉਪਰਾਲਾ ਹੈ, ਜੋ ‘ਪਰਾਲੀ ਸੰਭਾਲ ਮੁਹਿੰਮ-2020’ ਤਹਿਤ ਜ਼ਿਲ੍ਹੇ ਦੇ ਸਾਰੇ ਪਿੰਡਾਂ ਨੂੰ ਕਵਰ ਕਰੇਗੀ। ਵੈਨਾਂ ਨੂੰ ਝੰਡੀ ਦੇਣ ਮੌਕੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਯਾਦਵਿੰਦਰ ਸਿੰਘ ਜੰਡਿਆਲੀ, ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਸੰਦੀਪ ਕੁਮਾਰ, ਮੁੱਖ ਖੇਤੀਬਾੜੀ ਅਫਸਰ ਸ੍ਰ. ਨਰਿੰਦਰ ਸਿੰਘ ਬੈਨੀਪਾਲ ਵੀ ਮੌਜੂਦ ਹਨ। ਇਸ ਮੌਕੇ ਵਿਧਾਇਕ ਕੁਲਦੀਪ ਸਿੰਘ ਵੈਦ ਅਤੇ ਡਿਪਟੀ ਕਮਿਸ਼ਨਰ ਨੇ ਇਸ ਸਮਾਗਮ ‘ਚ ਮੌਜੂਦ ਗਾਇਕ ਰਾਮ ਸਿੰਘ ਅਲਬੇਲਾ ਅਤੇ ਸੰਗੀਤਕਾਰ ਰਾਜੂ ਧੀਮਾਨ ਨੂੰ ਸਨਮਾਨਿਤ ਕੀਤਾ, ਜਦਕਿ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਵੱਲੋਂ ਸਮਾਜਿਕ ਉਦੇਸ਼ ਲਈ ਇੱਕ ਗੀਤ ਲਿਖਣ ਲਈ ਕੀਤੇ ਗਏ ਉਪਰਾਲੇ ਦੀ ਵੀ ਸ਼ਲਾਘਾ ਕੀਤੀ।
ਵਿਧਾਇਕ ਵੈਦ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੀ ਕੀਮਤ ‘ਤੇ ਇਸ ਨੂੰ ਸਾੜਨ ਦੀ ਬਜਾਏ ਪਰਾਲੀ ਪ੍ਰੰਬਧਨ ਮਸ਼ੀਨਰੀ ਦਾ ਇਸਤੇਮਾਲ ਕਰਨ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਸਾੜਣ ਨਾਲ ਖਤਰਨਾਕ ਧੂੰਆਂ, ਖਾਸ ਕਰਕੇ ਕੋਵਿਡ ਪਾਜ਼ੀਟਿਵ ਮਰੀਜ਼ਾਂ ਲਈ ਬਹੁਤ ਘਾਤਕ ਹੈ, ਜਿਸ ਨਾਲ ਕੀਮਤੀ ਜਾਨਾਂ ਵੀ ਜਾ ਜਾ ਸਕਦੀਆਂ ਹਨ।
ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ 11 ਜਾਗਰੂਕਤਾ ਵੈਨ ਨੂੰ ਪਿੰਡਾਂ ‘ਚ ਭੇਜਣ ਦਾ ਉਦੇਸ਼ ਕਿਸਾਨਾਂ ਨੂੰ ਪਰਾਲੀ ਸਾੜਨ ਵਿਰੁੱਧ ਜਾਗਰੂਕ ਕਰਨਾ ਹੈ। ਉਨ੍ਹਾਂ ਨੇ ਇਕ ਵਾਰ ਫਿਰ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਰਾਲੀ ਸਾੜਨ ਤੋਂ ਪਰਹੇਜ਼ ਕਰਨ ਕਿਉਂਕਿ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਤੋਂ ਇਲਾਵਾ, ਖਤਰਨਾਕ ਗੈਸਾਂ ਕੋਵਿਡ ਦੀ ਸਥਿਤੀ ਨੂੰ ਹੋਰ ਵਿਗਾੜ ਸਕਦੀਆਂ ਹਨ। ਪ੍ਰੋਜੈਕਟ ਡਾਇਰੈਕਟਰ ਆਤਮਾ ਸ੍ਰ.ਜਸਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਜਾਗਰੂਕਤਾ ਵੈਨਾਂ ਰਾਹੀਂ ਜਾਗਰੂਕਤਾ ਫੈਲਾਉਣ ਤੋਂ ਇਲਾਵਾ, ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਵਾਲੇ ਪੈਂਫਲਟ ਵੀ ਕਿਸਾਨਾਂ ਨੂੰ ਵੰਡੇ ਜਾ ਰਹੇ ਹਨ।