sports minister presented boxer simranjeet kaur: ਲੁਧਿਆਣਾ (ਤਰਸੇਮ ਭਾਰਦਵਾਜ)- ਉਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਪੰਜਾਬਣ ਮੁੱਕੇਬਾਜ਼ ਸਿਮਰਨਜੀਤ ਕੌਰ ਨੂੰ ਪੰਜਾਬ ਸਰਕਾਰ ਵੱਲੋਂ 5 ਲੱਖ ਰੁਪਏ ਦੀ ਚੈੱਕ ਭੇਟ ਕੀਤਾ ਗਿਆ ਹੈ। ਇਹ ਚੈੱਕ ਅੱਜ ਪੰਜਾਬ ਦੇ ਖੇਡ ਅਤੇ ਯੁਵਕ ਮਾਮਲੇ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਲੁਧਿਆਣਾ ਵਿਖੇ ਸਿਮਰਨਜੀਤ ਕੌਰ ਦੀ ਮਾਤਾ ਸ੍ਰੀਮਤੀ ਰਾਜਪਾਲ ਕੌਰ ਨੂੰ ਭੇਟ ਕੀਤਾ। ਦੱਸ ਦੇਈਏ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਕੇਬਾਜ਼ ਸਿਮਰਨਜੀਤ ਕੌਰ ਨੂੰ ਆਪਣੇ ਦਫ਼ਤਰ ਉਚੇਚੇ ਤੌਰ ‘ਤੇ ਬੁਲਾਇਆ ਸੀ ਅਤੇ ਉਸਨੂੰ ਪੰਜਾਬ ਸਰਕਾਰ ਵੱਲੋਂ ਪੰਜ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਸੀ।
ਇਸ ਮੌਕੇ ਜਾਣਕਾਰੀ ਦਿੰਦਿਆਂ ਰਾਣਾ ਗੁਰਮੀਤ ਸਿੰਘ ਸੋਢੀ ਦੱਸਿਆ ਕਿ ਸਿਮਰਨਜੀਤ ਕੌਰ ਓਲੰਪਿਕ ਖੇਡਾਂ ਲਈ ਕੁਆਲੀਫਾਈ ਹੋਣ ਵਾਲੀ ਪਹਿਲੀ ਪੰਜਾਬਣ ਮੁੱਕੇਬਾਜ਼ ਹੈ। ਉਨ੍ਹਾਂ ਨੇ ਖਿਡਾਰਨ ਦੀ ਮਾਤਾ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਨਾ ਸਿਰਫ ਪੰਜਾਬ ਬਲਕਿ ਦੇਸ਼ ਨੂੰ ਉਸ ਉਪਰ ਮਾਣ ਹੈ, ਜਿਸ ਨੇ ਏਸ਼ੀਆ ਓਸੀਨੀਆ ਕੁਆਲੀਫਾਈ ਮੁਕਾਬਲੇ ‘ਚ ਚਾਂਦੀ ਦਾ ਤਮਗਾ ਜਿੱਤ ਕੇ ਦੁਨੀਆਂ ਦੇ ਸਭ ਤੋਂ ਵੱਡੇ ਖੇਡ ਮੰਚ ‘ਚ ਹਾਜ਼ਰੀ ਭਰਨ ਦਾ ਦਾਅਵਾ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਖਿਡਾਰਨ ਪੰਜਾਬ ਦੀਆਂ ਹੋਰਨਾਂ ਕੁੜੀਆਂ ਲਈ ਵੀ ਚਾਨਣ ਮੁਨਾਰਾ ਹੈ, ਜਿਹੜੀਆਂ ਕੁੜੀਆਂ ਲਈ ਨਵੀਂ ਖੇਡ ਮੁੱਕੇਬਾਜ਼ੀ ਖੇਡ ‘ਚ ਆਪਣਾ ਭਵਿੱਖ ਬਣਾਉਣਾ ਚਾਹੁੰਦੀਆਂ ਹਨ। ਦੂਜੇ ਪਾਸੇ ਸਿਮਰਨਜੀਤ ਦੀ ਮਾਤਾ ਰਾਜਪਾਲ ਕੌਰ ਨੇ ਕਿਹਾ ਕਿ ਉਹ ਕਾਫੀ ਖੁਸ਼ ਹੈ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਬੇਟੀ ਨੂੰ ਇਹ ਚੈੱਕ ਭੇਟ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਬੇਟੀ ਓਲੰਪਿਕ ਸੋਨ ਤਗਮਾ ਜੇਤੂ ਜਰੂਰ ਜਿੱਤੇਗੀ।