staff work shifts urban service centers: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਜਿੱਥੇ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ, ਜਿਸ ਦਾ ਖਤਰਾ ਸਰਕਾਰੀ ਦਫਤਰਾਂ ‘ਤੇ ਮੰਡਰਾ ਚੁੱਕਾ ਹੈ। ਇਸ ਦੇ ਚੱਲਦਿਆਂ ਕਈ ਦਫਤਰਾਂ ‘ਚ ਕੰਮਕਾਜ਼ ‘ਚ ਸੂਬਾ ਸਰਕਾਰ ਵੱਲੋਂ ਬਦਲਾਅ ਕਰਨ ਦਾ ਫੈਸਲਾ ਲਿਆ ਗਿਆ ਹੈ। ਹੁਣ ਸ਼ਹਿਰੀ ਇਲਾਕਿਆਂ ਦੇ 29 ਸੇਵਾਵਾਂ ਕੇਦਰਾਂ ‘ਚ 2 ਸ਼ਿਫਟਾਂ ‘ਚ 50-50 ਫੀਸਦੀ ਸਟਾਫ ਤੋਂ ਹੀ ਕੰਮ ਲੈਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਏ.ਡੀ.ਸੀ (ਵਿਕਾਸ) ਸੰਦੀਪ ਕੁਮਾਰ ਨੇ ਦੱਸਿਆ ਹੈ ਕਿ ਸ਼ਹਿਰੀ ਖੇਤਰਾਂ ਦੇ ਸੇਵਾ ਕੇਂਦਰਾਂ ‘ਚ ਸਵੇਰ 8.00 ਤੋਂ 6.00 ਵਜੇ ਤੱਕ ਕੰਮ ਹੋਵੇਗਾ।ਇਸ ਦੌਰਾਨ ਪਹਿਲੀ ਸ਼ਿਫਟ 8.00 ਤੋਂ 1.30 ਵਜੇ ਤੱਕ ਅਤੇ ਦੂਜੀ ਸ਼ਿਫਟ 1.30 ਤੋਂ 6.00 ਵਜੇ ਤੱਕ ਚੱਲੇਗੀ। ਪਿੰਡਾਂ ਵਾਲੇ ਕੇਂਦਰਾਂ ‘ਚ ਪੂਰੇ ਸਟਾਫ ਦੇ ਨਾਲ ਸਵੇਰੇ 9.00 ਵਜੇ ਤੋਂ ਸ਼ਾਮ 5.00 ਵਜੇ ਤੱਕ ਕੰਮ ਹੋਵੇਗਾ। ਦੱਸ ਦੇਈਏ ਕਿ ਹੁਣ ਜ਼ਿਲ੍ਹੇ ਦੇ 38 ਸੇਵਾ ਕੇਂਦਰਾਂ ‘ਚ 276 ਤਰ੍ਹਾਂ ਦੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।
ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਵੀ ਬੁਖਾਰ, ਖਾਂਸੀ ਜਾਂ ਕੋਰੋਨਾ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਤਰੁੰਤ ਸਿਵਲ ਹਸਪਤਾਲ ‘ਚ ਜਾ ਕੇ ਇਸ ਸਬੰਧਿਤ ਆਪਣਾ ਟੈਸਟ ਕਰਵਾਉਣ, ਜੋ ਕਿ ਸਰਕਾਰ ਦੁਆਰਾ ਮੁਫਤ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਕੋਰੋਨਾ ਦੇ ਪ੍ਰਭਾਵ ਨੂੰ ਰੋਕਣ ਲੋਕ ਨਿਯਮਾਂ ਦਾ ਪਾਲਣ ਕਰਨ।
ਦੱਸਣਯੋਗ ਹੈ ਕਿ ਮਹਾਨਗਰ ‘ਚੋਂ ਕੋਰੋਨਾ ਪੀੜਤਾਂ ਦੀ ਗਿਣਤੀ 10914 ਤੱਕ ਪਹੁੰਚ ਚੁੱਕੀ ਹੈ ਜਦਕਿ 460 ਲੋਕਾਂ ਨੇ ਦਮ ਤੋੜਿਆ ਹੈ। ਜ਼ਿਲ੍ਹੇ ‘ਚ 1677 ਸਰਗਰਮ ਮਾਮਲੇ ਹਨ। ਇਸ ਦੇ ਨਾਲ ਹੀ 1163 ਦੂਜੇ ਜ਼ਿਲ੍ਹਿਆਂ ਤੋਂ ਹਨ, ਜਿਨ੍ਹਾਂ ‘ਚੋਂ 109 ਲੋਕਾਂ ਦੀ ਮੌਤ ਹੋਈ ਹੈ।