ਲੁਧਿਆਣਾ, (ਤਰਸੇਮ ਭਾਰਦਵਾਜ)-ਲੁਧਿਆਣਾ ਜ਼ਿਲੇ ‘ਚ ਸ਼ਹੀਦਾਂ ਦੀਆਂ ਮੂਰਤੀਆਂ ਦੀ ਹਾਲਤ ਖਸਤਾ ਹੈ।ਜਿਨ੍ਹਾਂ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਸਦਕਾ ਅੱਜ ਅਸੀਂ ਆਜ਼ਾਦੀ ਦਿਵਸ ਮਨਾ ਰਹੇ ਹਾਂ, ਉਨ੍ਹਾਂ ਦੀਆਂ ਹੀ ਮੂਰਤੀਆਂ ਮਿੱਟੀ ਘੱਟੇ ਨਾਲ ਲਥਪਥ ਹਨ,ਜ਼ਿਲਾ ਪ੍ਰਸ਼ਾਸਨ ਅਤੇ ਇਨ੍ਹਾਂ ਦੇ ਨਾਵਾਂ ‘ਤੇ ਚਲਾਈਆਂ ਜਾਣ ਵਾਲੀਆਂ ਸੰਸਥਾਂਵਾਂ ਚਲਾਉਣ ਵਾਲੇ ਨੇਤਾ ਵੀ ਇਨ੍ਹਾਂ ਨੂੰ ਭੁੱਲ ਗਏ ਹਨ।
ਇਨ੍ਹਾਂ ਮੂਰਤੀਆਂ ‘ਤੇ ਮਿੱਟੀ ਅਤੇ ਗੰਦੇ ਹਾਰ ਕਈ ਮਹੀਨਿਆਂ ਤੋਂ ਲਟਕ ਰਹੇ ਹਨ।ਜਦੋਂਕਿ ਪ੍ਰਸ਼ਾਸਨਿਕ ਅਧਿਕਾਰੀ ਜਸ਼ਨ-ਏ-ਆਜ਼ਾਦੀ ਦੇ ਖੇਡ ਸਟੇਡੀਅਮ ‘ਚ ਆਯੋਜਿਤ ਪ੍ਰੋਗਰਾਮ ਦੇ ਲਈ ਸਜਾਵਟ ‘ਚ ਹੀ ਲੱਗਿਆ ਰਿਹਾ।ਦੱਸਣਯੋਗ ਹੈ ਕਿ ਆਜ਼ਾਦੀ ਦਿਵਸ ‘ਤੇ ਸ਼ਹਿਰ ‘ਚ ਬਣੇ ਸ਼ਹੀਦ ਵੀਰਾਂ ਦੀਆਂ ਮੂਰਤੀਆਂ ਦੀ ਜਾਂਚ ਕੀਤੀ ਗਈ ਤਾਂ ਬੇਹੱਦ ਦੁਖੀ ਤਸਵੀਰਾਂ ਸਾਹਮਣੇ ਆਈਆਂ ਹਨ।ਸ਼ਹਿਰ ਦੇ ਮਾਤਾ ਰਾਣੀ ਚੌਕ ‘ਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਮੂਰਤੀ ਲੱਗੀ ਹੋਈ ਹੈ।ਪਿਛਲੇ ਸਾਲ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੱਥੇ ਸੀ.ਏ.ਏ. ਦੇ ਵਿਰੋਧ ‘ਚ ਹੋਏ ਰੋਸ ਪ੍ਰਦਰਸ਼ਨ ‘ਚ ਸ਼ਾਮਿਲ ਹੋਏ ਸਨ।ਇਸ ਦੌਰਾਨ ਉਨ੍ਹਾਂ ਨੇ ਗਾਂਧੀ ਜੀ ਦੀ ਮੂਰਤੀ ‘ਤੇ ਫੁੱਲ ਭੇਂਟ ਕੀਤੇ ਸਨ।ਉਦੋਂ ਹੀ ਇੱਥੇ ਸਫਾਈ ਹੋਈ ਸੀ।ਦੱਸਣਯੋਗ ਹੈ ਕਿ ਦੋ ਸਾਲ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਅਤੇ ਕਾਂਗਰਸ ਨੇਤਾ ਰਾਜੀਵ ਗਾਂਧੀ ਜੀ ਦੀ ਸਲੇਮ ਟਾਬਰੀ ‘ਚ ਲੱਗੀ ਮੂਰਤੀ ‘ਤੇ ਅਕਾਲੀ ਨੇਤਾਵਾਂ ਨੇ ਕਾਲਿਖ ਮਲ ਦਿੱਤੀ ਸੀ।ਜਿਸ ਨੂੰ ਕਾਂਗਰਸੀਆਂ ਵਲੋਂ ਆਪਣੀ ਦਸਤਾਰ ਨਾਲ ਸਾਫ ਕੀਤਾ ਗਿਆ ਅਤੇ ਦੁੱਧ ਨਾਲ ਨਹਾਇਆ ਗਿਆ।ਪਰ ਸ਼ਹੀਦਾਂ ਦੇ ਰੋਜ਼ਾਨਾ ਹੁੰਦੇ ਨਿਰਾਦਰ ‘ਤੇ ਕਿਸੇ ਦਾ ਧਿਆਨ ਨਹੀਂ।ਦੱਸ ਦੇਈਏ ਕਿ ਜਗਰਾਂਓ ਪੁਲ ‘ਤੇ ਬਣੀ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਬੁੱਤ ਲੱਗੇ ਹਨ।ਜਿਸ ‘ਤੇ ਕਈ ਸਿਆਸੀ ਲੀਡਰ ਆਪਣੀ ਸਿਆਸਤ ਕਰਦੇ ਹਨ ਪਰ ਆਜ਼ਾਦੀ ਦਿਵਸ ਦੌਰਾਨ ਕੋਈ ਇਨ੍ਹਾਂ ਦੀ ਸਫਾਈ ਕਰਨ ਨਹੀਂ ਪਹੁੰਚਿਆ।