straw burning increase cases: ਲੁਧਿਆਣਾ (ਤਰਸੇਮ ਭਾਰਦਵਾਜ)-ਸੂਬੇ ‘ਚ ਪਰਾਲੀ ਸਾੜਨ ਦੇ ਮਾਮਲੇ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਵਾਰ ਇਕ ਹਫਤੇ ਦੌਰਾਨ ਸਾੜੀ ਪਰਾਲੀ ਪਿਛਲੇ 2 ਸਾਲਾਂ ਦੇ ਮੁਕਾਬਲੇ ਸਾਢੇ 3 ਗੁਣਾ ਜਿਆਦਾ ਹੈ। ਇਸ ਵਾਰ ਕਿਸਾਨਾਂ ਨੇ ਪਹਿਲਾਂ ਤੋਂ ਹੀ ਸਰਕਾਰ ਨੂੰ ਚਿਤਾਵਨੀ ਦਿੱਤੀ ਸੀ ਪਰ ਇਸ ਦੇ ਬਾਵਜੂਦ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਦਾ ਖਾਮਿਆਜਾ ਇਹ ਹੋ ਰਿਹਾ ਹੈ ਕਿ ਕਿਸਾਨ ਇਸ ਵਾਰ ਪਿਛਲੇ 2 ਸਾਲਾਂ ਦੇ ਮੁਕਾਬਲੇ ਜਿਆਦਾ ਪਰਾਲੀ ਸਾੜ ਰਹੇ ਹਨ। ਇਸ ਦਾ ਨਤੀਜਾ ਹੈ ਕਿ 16 ਤੋਂ 24 ਅਕਤੂਬਰ ਤੱਕ ਏਅਰ ਕੁਆਲਿਟੀ ਇੰਡੈਕਸ (ਏ.ਕਿਊ.ਆਈ) 3 ਵਾਰ 200 ਤੋਂ ਜਿਆਦਾ ਮਤਲਬ ਖਰਾਬ ਸਥਿਤੀ ‘ਚ ਜਾ ਚੁੱਕਾ ਹੈ। ਸਾਲ 2019 ਦੀ ਪੰਜਾਬ ਸਰਕਾਰ ਦੀ 2500 ਰੁਪਏ ਪ੍ਰਤੀ ਏਕੜ ਦੀ ਮੁਆਵਜਾ ਰਾਸ਼ੀ ਵਿਵਾਦਾਂ ਦੇ ਚੱਲਦਿਆਂ ਸਾਰੇ ਕਿਸਾਨਾਂ ਨੂੰ ਨਹੀਂ ਮਿਲ ਸਕੀ।
ਕਿਸਾਨਾਂ ਮੁਤਾਬਕ ਹੈਪੀ ਸੀਡਰ ਰਾਹੀਂ ਖੇਤ ‘ਚ ਪਰਾਲੀ ਨੂੰ ਦਬਾਉਣ ਨਾਲ ਉਨ੍ਹਾਂ ਦੇ ਖੇਤਾਂ ਅਤੇ ਫਸਲਾਂ ਨੂੰ ਨੁਕਸਾਨ ਹੋਇਆ ਹੈ। ਅਜਿਹੇ ‘ਚ ਕਿਸਾਨਾਂ ਮੁਤਾਬਕ ਉਨ੍ਹਾਂ ਨੂੰ ਕੋਈ ਬਿਹਤਰ ਆਪਸ਼ਨ ਨਹੀਂ ਮਿਲ ਰਹੀਂ ਹੈ। ਇਸ ਦੇ ਚੱਲਦਿਆਂ ਇਸ ਵਾਰ ਵੀ ਪਰਾਲੀ ਸਾੜਨ ਦੀਆਂ ਘਟਨਾਵਾਂ ਜਿਆਦਾ ਹੋ ਰਹੀਆਂ ਹਨ। ਇਸ ਦਾ ਖਾਮਿਆਜਾ ਕੋਵਿਡ-19 ਦੇ ਪਹਿਲਾਂ ਦੇ ਮਰੀਜ਼ਾਂ ਤੇ ਨਵੇਂ ਮਰੀਜ਼ਾਂ ਨੂੰ ਚੁਕਾਉਣਾ ਪਵੇਗਾ। 21 ਸਤੰਬਰ ਤੋਂ ਹੁਣ ਤੱਕ ਸੂਬੇ ‘ਚ ਪਰਾਲੀ ਸਾੜਨ ਦੀ 2020 ‘ਚ ਹੁਣ ਤੱਕ 12985 ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ ਜਦਕਿ 2019 ‘ਚ ਇੰਨੇ ਹੀ ਸਮੇਂ ਦੌਰਾਨ 5510 ਅਤੇ 2018 ‘ਚ 5217 ਪਰਾਲੀ ਸਾੜਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਸੀ।