Stray dog bite child: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਇੱਥੇ ਇਕ 8 ਸਾਲਾਂ ਬੱਚੇ ਨੂੰ ਆਵਾਰਾ ਕੁੱਤਿਆਂ ਨੇ ਬੁਰੀ ਤਰ੍ਹਾਂ ਵੱਢ ਦਿੱਤਾ । ਇਸ ਘਟਨਾ ਨੇ ਇਲਾਕੇ ਦੇ ਲੋਕਾਂ ‘ਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਫਿਲਹਾਲ ਪੀੜਤ ਬੱਚੇ ਨੂੰ ਸੀ.ਐੱਮ.ਸੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਡਾਕਟਰਾਂ ਵੱਲੋਂ ਅੱਜ ਉਸ ਦੀ ਸਰਜਰੀ ਹੋਵੇਗੀ। ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਇੱਥੋ ਦੇ ਵਾਰਡ ਨੰਬਰ 56 ਦੇ ਇਲਾਕੇ ਤਾਜਗੰਜ ‘ਚ ਵਾਪਰੀ ਹੈ, ਜਿੱਥੇ ਆਵਾਰਾ ਕੁੱਤਿਆ ਦੇ ਝੁੰਡ ਨੇ 8 ਸਾਲਾਂ ਬੱਚੇ ਨੂੰ ਬੁਰੀ ਤਰ੍ਹਾਂ ਵੱਢ ਲਿਆ। ਇੰਨਾ ਹੀ ਨਹੀਂ ਉਸ ਬੱਚੇ ਨੂੰ ਕੁੱਤੇ ਕਾਫੀ ਦੂਰ ਤੱਕ ਘਸੀਟਦੇ ਹੋਏ ਲੈ ਗਏ।
ਦੱਸ ਦੇਈਏ ਕਿ ਇਸ ਘਟਨਾ ਦਾ ਉਸ ਸਮੇਂ ਪਤਾ ਲੱਗਿਆ, ਜਦੋਂ ਬੱਚੇ ਦੀਆਂ ਚੀਕਾਂ ਮੁਹੱਲਾਵਾਸੀਆਂ ਨੇ ਸੁਣੀਆਂ ਤਾਂ ਲੋਕਾਂ ਨੇ ਬੱਚੇ ਨੂੰ ਕੁੱਤੇ ਤੋਂ ਬਚਾਇਆ ਪਰ ਇੰਨੇ ਸਮੇਂ ਤੱਕ ਕੁੱਤੇ ਨੇ ਬੱਚਿਆਂ ਦੇ ਹੱਥ, ਪੈਰ ਅਤੇ ਪਿੱਠ ਸਮੇਤ ਸਰੀਰ ਦੇ ਕਈ ਥਾਵਾਂ ‘ਤੋਂ ਮਾਸ ਨੋਚ ਲਿਆ। ਪੀੜਤ ਬੱਚੇ ਦਾ ਨਾਂ ਏਕਮ ਸਿੰਘ ਦੱਸਿਆ ਜਾ ਰਿਹਾ ਹੈ।ਪੀੜਤ ਬੱਚੇ ਦੇ ਤਾਇਆ ਸਰਬਜੀਤ ਸਿੰਘ ਰੀਚਾ ਨੇ ਦੱਸਿਆ ਕਿ ਉਨ੍ਹਾਂ ਨੇ ਗਲੀ ਦੇ ਆਵਾਰਾ ਕੁੱਤਿਆਂ ਦੇ ਬਾਰੇ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਨੂੰ ਸ਼ਿਕਾਇਤ ਕੀਤੀ ਸੀ ਪਰ ਕੋਈ ਹੱਲ ਨਹੀਂ ਹੁਣ ਤੱਕ ਨਿਕਲ ਸਕਿਆ।
ਸਿਵਲ ਹਸਪਤਾਲ ‘ਚ 30-40 ਰੈਬਿਜ਼ ਦੇ ਇੰਜੈਕਸ਼ਨ ਦੀ ਖਪਤ ਰੋਜ਼ਾਨਾ ਹੋ ਰਹੀ ਹੈ ਹਾਲਾਂਕਿ ਹੁਣ ਸਿਵਲ ਦੀ ਓ.ਪੀ.ਡੀ. ਈ.ਐੱਸ.ਆਈ ‘ਚ ਚੱਲ ਰਹੀ ਹੈ। ਅਜਿਹੇ ‘ਚ ਸ਼ਾਮ ਜਾਂ ਰਾਤ ਦੇ ਸਮੇਂ ਐਮਰਜੈਂਸੀ ਮਾਮਲਿਆਂ ਨੂੰ ਉੱਥੇ ਭੇਜਿਆ ਜਾ ਰਿਹਾ ਹੈ। ਦੱਸ ਦੇਈਏ ਕਿ ਸਿਵਲ ਹਸਪਤਾਲ ‘ਚ ਕੋਰੋਨਾ ਕਾਲ ਤੋਂ ਪਹਿਲਾਂ ਰੋਜ਼ਾਨਾ 40-50 ਮਾਮਲੇ ਰੋਜ਼ਾਨਾ ਦੇ ਅਵਾਰਾ ਕੁੱਤਿਆਂ ਦੇ ਕੱਟਣ ਦੇ ਆ ਰਹੇ ਸੀ।