Streets Sealed Haibowal Corona: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਦਿਨੋ ਦਿਨ ਵੱਧਦਾ ਹੀ ਜਾ ਰਿਹਾ ਹੈ। ਤਾਜ਼ਾ ਮਿਲੀ ਜਾਣਕਾਰੀ ਮੁਤਾਬਕ ਅੱਜ ਇੱਥੇ ਹੈਬੋਵਾਲ ਥਾਣੇ ਅਧੀਨ ਦੁਰਗਾਪੁਰੀ ਇਲਾਕੇ ਦੀਆਂ 19 ਗਲੀਆਂ ਸੀਲ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਏ.ਸੀ.ਪੀ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਇੱਥੇ 17 ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਜਦਕਿ ਇਕ ਪੀੜਤ ਮਰੀਜ਼ ਦੀ ਮੌਤ ਹੋਈ ਹੈ, ਜਿਸ ਦੇ ਚੱਲਦਿਆਂ ਇਸ ਇਲਾਕੇ ਨੂੰ ਕੰਟੇਨਮੈਂਟ ਜ਼ੋਨ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇੱਥੇ ਸਿਹਤ ਕੇਂਦਰ ਤੋਂ ਵੀ ਟੀਮ ਆਈ ਹੈ ਜੋ ਕਿ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ।
ਦੱਸਣਯੋਗ ਹੈ ਕਿ ਮਹਾਨਗਰ ‘ਚ ਹੁਣ ਤੱਕ ਕੋਰੋਨਾ ਪੀੜਤ ਮਾਮਲਿਆਂ ਦੀ ਗਿਣਤੀ 13,860 ਤੱਕ ਪਹੁੰਚ ਚੁੱਕੀ ਹੈ ਜਦਕਿ 577 ਮੌਤਾਂ ਹੋ ਚੁੱਕੀਆਂ ਹਨ। ਜ਼ਿਲ੍ਹੇ ‘ਚ ਹੁਣ 1938 ਸਰਗਰਮ ਮਾਮਲੇ ਹਨ ਤੇ ਇਨ੍ਹਾਂ ਸਰਗਰਮ ਮਾਮਲਿਆਂ ‘ਚੋਂ 978 ਮਰੀਜ਼ ਹੋਮ ਆਈਸੋਲੇਟ ਹਨ, ਜਿਨ੍ਹਾਂ ‘ਚੋਂ 148 ਸਰਕਾਰੀ ਤੇ 403 ਪ੍ਰਾਈਵੇਟ ਹਸਪਤਾਲ ‘ਚ ਭਰਤੀ ਹਨ। ਇਸ ਦੇ ਨਾਲ ਹੀ ਹੋਰ ਜ਼ਿਲ੍ਹਿਆਂ ਤੋਂ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 1493 ਤੱਕ ਪਹੁੰਚ ਚੁੱਕੀ ਹੈ, ਜਿਨ੍ਹਾਂ ‘ਚੋਂ 219 ਸਰਗਰਮ ਮਾਮਲੇ ਹਨ ਤੇ 155 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ 1,94,581 ਸੈਂਪਲ ਲਏ ਜਾ ਚੁੱਕੇ ਹਨ, ਜੋ ਕਿ ਆਰ.ਟੀ.ਪੀ.ਸੀ.ਆਰ- 136353, ਐਂਟੀਜਨ 57484 ਅਤੇ ਟਰੂਨੈਂਟ 744 ਆਦਿ ਸ਼ਾਮਿਲ ਹਨ। ਲੁਧਿਆਣਾ ‘ਚ ਬਾਹਰੀ ਜ਼ਿਲ੍ਹਿਆਂ ਤੋਂ ਆਉਣ ਵਾਲੇ ਲੋਕਾਂ ਦੀ ਗਿਣਤੀ 1493 ਤੱਕ ਪਹੁੰਚ ਚੁੱਕੀ ਹੈ ਜਿਨ੍ਹਾਂ ‘ਚੋਂ 225 ਸਰਗਰਮ ਮਾਮਲੇ ਅਤੇ 155 ਲੋਕਾਂ ਦੀ ਮੌਤ ਹੋ ਚੁੱਕੀ ਹੈ।