students admission private colleges: ਲੁਧਿਆਣਾ (ਤਰਸੇਮ ਭਾਰਦਵਾਜ)- ਖਤਰਨਾਕ ਕੋਰੋਨਾਵਾਇਰਸ ਦੇ ਕਾਰਨ ਹਰ ਖੇਤਰ ਜਿੱਥੇ ਆਰਥਿਕ ਮੰਦੀ ਦਾ ਸਾਹਮਣਾ ਕਰ ਰਿਹਾ ਹੈ, ਉੱਥੇ ਹੀ ਇਸ ਸਾਲ ਸ਼ਹਿਰ ਦੇ ਪ੍ਰਾਈਵੇਟ ਕਾਲਜਾਂ ‘ਚ ਦਾਖਲੇ ਦੀ ਰਫਤਾਰ ਘੱਟ ਹੋ ਗਈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਪਹਿਲਾਂ ਜਾਰੀ ਸ਼ਡਿਊਲ ਮੁਤਾਬਕ ਕਾਲਜ ਬਿਨਾਂ ਲੇਟ ਫੀਸ 22 ਅਗਸਤ ਤੱਕ ਦਾਖਲਾ ਕਰਵਾ ਸਕਦੇ ਸਨ ਪਰ ਜੇ ਗੱਲ ਕਰੀਏ ਸ਼ਹਿਰ ਦੇ ਉਨ੍ਹਾਂ ਕਾਲਜਾਂ ਦੀ ਦੀ ਜਿਨ੍ਹਾਂ ‘ਚ ਹੇਠਲੇ ਤੇ ਮੱਧ ਵਰਗ ਦੇ ਵਿਦਿਆਰਥੀ ਪੜ੍ਹਦੇ ਹਨ ਤਾਂ ਉੱਥੇ 22 ਅਗਸਤ ਭਾਵ ਸ਼ਨੀਵਾਰ ਤੱਕ ਸਿਰਫ 40 ਫੀਸਦੀ ਤੱਕ ਹੋਇਆ ਹੈ। ਦਾਖਲੇ ਦੀ ਘੱਟ ਰਫ਼ਤਾਰ ਨੂੰ ਦੇਖਦੇ ਹੋਏ ਪੀ.ਯੂ. ਨੇ ਬਿਨਾਂ ਲੇਟ ਫੀਸ ਦਾਖਲਾ ਕਰਾਉਣ ਦੀ ਤਰੀਕ ਵਧਾ ਕੇ 31 ਅਗਸਤ ਤਕ ਕਰ ਦਿੱਤੀ ਹੈ ਹਾਲਾਂਕਿ ਯੂਨੀਵਰਸਿਟੀ ਕੰਟ੍ਰੋਲਰ ਵੱਲੋਂ ਇਹ ਸੂਚਨਾ ਪ੍ਰਿੰਸੀਪਲਾਂ ਨੂੰ ਗਰੁੱਪ ਦੁਆਰਾ ਭੇਜੀ ਗਈ ਹੈ। ਹੁਣ ਸੋਮਵਾਰ ਤਕ ਵੈਬਸਾਈਟ ‘ਤੇ ਵੀ ਇਸ ਦਾ ਨੋਟੀਫਿਕੇਸ਼ਨ ਜਾਰੀ ਹੋਣ ਦੀ ਸੰਭਾਵਨਾ ਹੈ।
ਪ੍ਰਾਈਵੇਟ ਕਾਲਜ ਹੁਣ ਉਮੀਦ ਜਤਾ ਰਹੇ ਹਨ ਕਿ ਇਕ ਤਾਂ ਦੋਵੇ ਸਰਕਾਰੀ ਕਾਲਜ ਅਤੇ ਉਸ ਤੋਂ ਬਾਅਦ ਵਿਦਿਆਰਥੀਆਂ ਦੀ ਟਾਪ ਚੋਣ ‘ਚ ਰਹਿਣ ਵਾਲੇ ਸ਼੍ਰੀ ਅਰੋਬਿੰਦੋ ਕਾਲਜ ਅਤੇ ਖਾਲਸਾ ਕਾਲਜ ਫਾਰ ਵੁਮੈਨ ਵੱਲੋਂ ਮੈਰਿਟ ਲਿਸਟ ਜਾਰੀ ਕਰ ਦਿੱਤੀ ਗਈ ਹੈ ਸ਼ਾਇਦ ਹੁਣ ਵਿਦਿਆਰਥੀ ਇਨ੍ਹਾਂ ਕਾਲਜਾਂ ਵੱਲ ਰੁਖ ਕਰਨ ਸਕਣ।
ਦੱਸਣਯੋਗ ਹੈ ਕਿ ਕੋਵਿਡ-19 ਦੇ ਚਲਦੇ ਜਿੱਥੇ ਇਹਨਾਂ ਦਿਨਾਂ ‘ਚ ਪਰਿਵਾਰਾਂ ‘ਚ ਆਰਥਿਕ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ, ਉੱਥੇ ਹੀ ਇਹਨਾਂ ਕਾਲਜਾਂ ‘ਚ ਹੁਣ ਵੀ ਅਜਿਹੇ ਵਿਦਿਆਰਥੀ ਆ ਰਹੇ ਹਨ, ਜੋ ਇਹ ਕਹਿ ਰਹੇ ਹਨ ਕਿ ਕੁਝ ਫ਼ੀਸ ਲੈ ਕੇ ਉਹਨਾਂ ਦੀ ਰਜਿਸਟ੍ਰੇਸ਼ਨ ਕਰ ਦਿੱਤੀ ਜਾਵੇ ਤੇ ਉਹ ਬਾਕੀ ਫੀਸ ਬਾਅਦ ‘ਚ ਦੇਣਗੇ।ਦੂਜੇ ਪਾਸੇ ਕਾਲਜਾਂ ਦੀ ਗੱਲ ਕਰੀਏ ਤਾਂ ਆਮ ਦਿਨ੍ਹਾਂ ‘ਚ ਅਜਿਹੀ ਸਥਿਤੀ ਨਹੀਂ ਹੁੰਦੀ। ਬਿਨਾਂ ਲੇਟ ਫੀਸ ਜਮ੍ਹਾਂ ਕਰਾਉਣ ਦੇ ਆਖਰੀ ਦਿਨ ਤੱਕ 90 ਫੀਸਦੀ ਦਾਖਲੇ ਹੋ ਜਾਂਦੇ ਸੀ। ਹੁਣ ਕਾਲਜਾਂ ‘ਚ ਉਮੀਦ ਜਤਾਈ ਗਈ ਹੈ ਕਿ ਪੀ.ਯੂ ਨੇ ਬਿਨ੍ਹਾਂ ਲੇਟ ਫੀਸ ਦਾਖਲੇ ਦੀ ਤਾਰੀਕ ਵਧਾ ਦਿੱਤੀ ਹੈ ਅਤੇ ਜਿਸ ਨਾਲ ਵਿਦਿਆਰਥੀਆਂ ਨੂੰ ਪੈਸੇ ਦਾ ਪ੍ਰਬੰਧ ਕਰਨ ‘ਚ ਵੀ ਸਮਾਂ ਮਿਲ ਜਾਵੇਗਾ।