sutlej club election nomination: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚ ਨਾਮਵਰ ਸਤਲੁਜ ਕਲੱਬ ‘ਚ ਚੋਣਾਂ ਹੋਣੀਆਂ ਸੀ ਪਰ ਕੋਰੋਨਾ ਦੇ ਚੱਲਦਿਆਂ ਲਾਕਡਾਊਨ ਅਤੇ ਕਰਫਿਊ ਨੂੰ ਦੇਖਦੇ ਹੋਏ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ ਸੀ। ਹੁਣ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਚੋਣਾਂ ਦੀ ਅਨਾਊਸਮੈਂਟ ਕਰ ਦਿੱਤੀ ਹੈ ਅਤੇ ਇਹ ਸ਼ਰਤਾਂ ਵੀ ਰੱਖੀਆਂ ਹਨ ਕਿ ਇਸ ਵਾਰ ਹੋਣ ਵਾਲੀਆਂ ਚੋਣਾਂ ਦੀਆਂ ਸ਼ਰਤਾਂ ਪਹਿਲਾਂ ਦੀ ਤਰ੍ਹਾਂ ਹੀ ਰਹਿਣਗੀਆਂ।
ਚੋਣਾਂ ਦੀ ਅਨਾਊਸਮੈਂਟ ਤੋਂ ਬਾਅਦ ਸਭ ਤੋਂ ਅਹਿਮ ਕਲੱਬ ਦੇ ਜਨਰਲ ਸਕੱਤਰ ਅਹੁਦੇ ‘ਤੇ 2 ਦਾਅਵੇਦਾਰ ਰਾਕੇਸ਼ ਕਪੂਰ ਅਤੇ ਸੰਜੀਵ ਢਾਂਬਾ ਖੜ੍ਹੇ ਹੋਏ ਪਰ ਇਕ ਰੌਚਕ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਰਾਕੇਸ਼ ਕਪੂਰ ਵੱਲੋਂ ਇਸ ਵਾਰ ਚੋਣਾਂ ਨਾ ਲੜਨ ਦੀ ਗੱਲ ਕਰਦੇ ਹੋਏ ਸੰਜੀਵ ਢਾਂਬਾ ਨੂੰ ਸਪੋਰਟ ਕਰਨ ਦੀ ਅਨਾਊਸਮੈਂਟ ਕਰ ਦਿੱਤੀ ਗਈ ਹੈ। ਇਸ ਦੀ ਪੁਸ਼ਟੀ ਖੁਦ ਰਾਕੇਸ਼ ਕਪੂਰ ਨੇ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਖੁਦ ਸੰਜੀਵ ਢਾਂਬਾ ਦੇ ਨਾਮਜ਼ਦਗੀ ਦੇ ਫਾਰਮ ਭਰਵਾਉਣ ਜਾਣਗੇ। ਇਸ ਮੌਕੇ ਰਾਜੂ ਸ਼ਰਮਾ, ਟੀ.ਐੱਸ ਥਾਪਰ, ਆਨੰਦ ਸੀਕਰੀ, ਮਨੋਜ ਢਾਂਡਾ, ਸੰਜੈ ਅਗਰਵਾਲ, ਵਿਨੋਦ ਥਾਪਰ, ਚਰਨਜੀਤ ਸਿੰਘ ਆਦਿ ਪਹੁੰਚੇ।
ਦੱਸ ਦੇਈਏ ਕਿ ਡੀ.ਸੀ ਨੇ ਕਲੱਬ ਦੀਆਂ ਚੋਣਾਂ 24 ਅਕਤੂਬਰ ਨੂੰ ਰੱਖੀਆਂ ਹਨ। ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਸੋਮਵਾਰ ਅਤੇ ਮੰਗਲਵਾਰ ਦਾ ਸਮਾਂ ਦਿੱਤਾ ਗਿਆ ਹੈ ਜਦਕਿ ਨਾਮਜ਼ਦਗੀ ਵਾਪਸ ਲੈਣ ਦੀ ਤਾਰੀਕ 21 ਅਕਤੂਬਰ ਹੈ। ਅਜਿਹੇ ‘ਚ ਬਾਕੀ ਦੇ ਅਹੁਦਿਆਂ ਲਈ ਕਿੰਨੇ ਲੋਕਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ, ਇਸ ਦੀ ਸਥਿਤੀ ਬੁੱਧਵਾਰ ਤੱਕ ਸਪੱਸ਼ਟ ਹੋਵੇਗੀ। ਦੱਸ ਦੇਈਏ ਕਿ ਕਲੱਬ ਦੀਆਂ ਚੋਣਾਂ ‘ਚ ਜਨਰਲ ਸਕੱਤਰ, ਉਪ ਪ੍ਰਧਾਨ, ਜੁਆਇੰਟ ਸਕੱਤਰ, ਫਾਇਨਾਂਸ ਸਕੱਤਰ, ਸਪੋਰਟਸ ਸਕੱਤਰ, ਕਲੱਚਰਲ ਸਕੱਤਰ, ਬਾਰ ਸਕੱਤਰ, ਮੈਸ ਸਕੱਤਰ ਅਤੇ 3 ਐਗਜ਼ਿਵਕਿਊਟਿਵ ਮੈਂਬਰਾਂ ਦੀ ਅਹੁਦਿਆਂ ‘ਤੇ ਚੋਣਾਂ ਹੋਣਗੀਆਂ।