swachhta sarvekshan ranked ludhiana: ਕੇਂਦਰੀ ਆਵਾਸ ਅਤੇ ਸ਼ਹਿਰੀ ਵਿਕਾਸ ਮੰਤਰਾਲਾ ਸਵੱਛ ਸਰਵੇਖਣ 2020 ਦੇ ਨਤੀਜੇ ਐਲਾਨ ਕਰ ਦਿੱਤੇ ਗਏ ਹਨ। ਇਸ ਦੌਰਾਨ ਕੇਂਦਰ ਸਰਕਾਰ ਨੇ ਕੁੱਲ 129 ਸ਼ਹਿਰਾਂ ਦੀ ਸੂਚੀ ਜਾਰੀ ਕੀਤੀ ਹੈ, ਜਿਸ ‘ਚ 10 ਲੱਖ ਤੋਂ ਜ਼ਿਆਦਾ ਆਬਾਦੀ ਵਾਲੇ ਸ਼ਹਿਰਾਂ ‘ਚ ਲੁਧਿਆਣਾ ਨੂੰ 34ਵਾਂ ਸਥਾਨ ਮਿਲਿਆ ਹੈ। ਇਸ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੁਧਿਆਣਾ ਨਗਰ ਨਿਗਮ ਨੂੰ ਵੀ ਐਵਾਰਡ ਦਿੱਤਾ ਹੈ। ਸਵੱਛ ਸਰਵੇਖਣ ‘ਚ ਲੁਧਿਆਣਾ ਦਾ ਇਹ ਹੁਣ ਤੱਕ ਦਾ ਸਭ ਤੋਂ ਵਧੀਆਂ ਰੈਂਕ ਮੰਨਿਆ ਜਾ ਰਿਹਾ ਹੈ।
ਇਸ ਸਬੰਧੀ ਨਗਰ ਨਿਗਮ ਸਿਹਤ ਬ੍ਰਾਚ ਦੀ ਮੁਖੀ ਅਤੇ ਜੁਆਇੰਟ ਕਮਿਸ਼ਨਰ ਸਵਾਤੀ ਟਿਵਾਣਾ ਨੇ ਦੱਸਿਆ ਹੈ ਕਿ ਪਿਛਲੇ ਸਰਵੇਖਣ ‘ਚ ਸਿਹਤ ਬ੍ਰਾਂਚ ਨੇ ਬਿਹਤਰੀਨ ਕੰਮ ਕੀਤਾ ਅਤੇ ਚੰਗੇ ਨਤੀਜੇ ਸਾਹਮਣੇ ਆਏ। ਇਸ ਕਾਰਨ ਹੀ ਇਹ ਸਵੱਛ ਐਵਾਰਡ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਵੱਡੇ ਸ਼ਹਿਰਾਂ ਦੀ ਸੂਚੀ ‘ਚ ਇਸ ਵਾਰ ਲੁਧਿਆਣਾ ਬਿਹਤਰ ਸਥਿਤੀ ‘ਚ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹੁਣ ਨਵੇਂ ਸਰਵੇਖਣ ਦੇ ਲਈ ਟੀਚੇ ਨਿਰਧਾਰਿਤ ਕੀਤੇ ਗਏ ਹਨ ਅਤੇ ਟੀਮ ਨੇ ਇਸ ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਲੁਧਿਆਣਾ ਨੂੰ ਪਹਿਲੇ ਕੁਆਰਟਰ ‘ਚ 627.79, ਦੂਜੇ ਕੁਆਰਟਰ ‘ਚ 300, ਤੀਜੇ ਕੁਆਰਟਰ ‘ਚ 1115 ਅਤੇ ਚੌਥੇ ਕੁਆਰਟਰ ‘ਚ 1090.79 ਅੰਕ ਮਿਲੇ। ਇਸ ਤਰ੍ਹਾਂ ਕੁੱਲ 3226.31 ਅੰਕ ਹਾਸਿਲ ਕੀਤੇ।
ਕੇਂਦਰ ਸਰਕਾਰ ਨੇ ਸਵੱਛ ਸਰਵੇਖਣ 2020 ਦੇ ਤੀਜੇ ਕੁਆਟਰ ਦੀ ਰੈਂਕਿੰਗ ਐਲਾਨ ਕੀਤੀ ਸੀ ਤਾਂ ਲੁਧਿਆਣਾ ਸ਼ਹਿਰ ਨੂੰ 38ਵਾਂ ਸਥਾਨ ਪ੍ਰਾਪਤ ਕੀਤਾ ਸੀ। ਨਿਗਮ ਅਫਸਰਾਂ ਦੀ ਗੱਲ ਕਰੀਏ ਤਾਂ ਪਿਛਲੇ ਸਰਵੇਖਣ ‘ਚ ਸ਼ਹਿਰ ‘ਚ ਕਾਫੀ ਸੁਧਾਰ ਹੋਇਆ ਹੈ। ਅਫਸਰਾਂ ਦਾ ਕਹਿਣਾ ਹੈ ਕਿ ਪਿਛਲੇ ਸਰਵੇਖਣ ਦੌਰਾਨ ਸ਼ਹਿਰ ‘ਚ ਸਟੈਟਿਕ ਕੰਪੈਕਟਰ ਲਗਾਉਣ ਸ਼ੁਰੂ ਕੀਤੇ ਹਨ ਅਤੇ ਸੈਕੰਡਰੀ ਡੰਪਾਂ ‘ਤੇ ਕੂੜੇ ਦਾ ਪ੍ਰਬੰਧ ਕੀਤਾ ਗਿਆ। ਇਸ ਤੋਂ ਇਲਾਵਾ ਸ਼ਹਿਰ ‘ਚ 102 ਕੂੜੇ ਦੇ ਗੈਰ-ਕਾਨੂੰਨੀ ਡੰਪ ਸੀ, ਜਿਨ੍ਹਾਂ ਨੂੰ ਨਿਗਮ ਨੇ ਦੂਰ ਕੀਤਾ ਹੁਣ ਸਿਰਫ 10 ਅਜਿਹੇ ਗੈਰ-ਕਾਨੂੰਨੀ ਡੰਪ ਰਹਿ ਗਏ ਹਨ, ਜਿਨ੍ਹਾਂ ਨੂੰ ਜਲਦੀ ਹੀ ਹਟਾ ਦਿੱਤਾ ਜਾਵੇਗਾ।