swimming pool smart govt school: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ਦੇ ਪੂਰਬੀ ਹਲਕੇ ‘ਚ ਸੂਬੇ ਦੇ ਪਹਿਲਾ ਅਜਿਹਾ ਸਰਕਾਰੀ ਸਕੂਲ ਬਣ ਕੇ ਤਿਆਰ ਹੋਣ ਜਾ ਰਿਹਾ ਹੈ, ਜਿੱਥੇ ਪ੍ਰਾਇਮਰੀ ਅਤੇ ਸੀਨੀਅਰ ਸੈਕੰਡਰੀ ਕਲਾਸਾਂ ਦੇ ਬੱਚਿਆਂ ਲਈ ਸਵੀਮਿੰਗ ਪੂਲ ਵੀ ਹੋਣਗੇ। ਦੱਸ ਦੇਈਏ ਕਿ ਵਾਰਡ ਨੰਬਰ 18 ਦੇ ਚੰਡੀਗੜ੍ਹ ਰੋਡ ‘ਤੇ ਵਰਧਮਾਨ ਮਿੱਲ ਦੇ ਪਿਛਲੇ ਗਲਾਡਾ ਦੀ ਜ਼ਮੀਨ ‘ਤੇ ਇਹ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਣ ਕੇ ਤਿਆਰ ਹੋਵੇਗਾ। ਇਸ ਦੇ ਲਈ ਮਕਰ ਸੰਕਰਾਂਤੀ ਦੇ ਮੌਕੇ ਭੂਮੀ ਪੂਜਨ ਕੀਤਾ ਗਿਆ। ਇਸ ਸਕੂਲ ਨੂੰ 3 ਏਕੜ ਦੀ ਥਾਂ ‘ਤੇ 13 ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਜਾਵੇਗਾ। ਇਸ ਸਕੂਲ ਦਾ ਨੀਂਹ ਪੱਥਰ ਪੰਡਿਤ ਅਜੀਤ ਕ੍ਰਿਸ਼ਣ, ਭਾਈ ਪ੍ਰੀਤਮ ਸਿੰਘ ਖਾਲਸਾ, ਮੌਲਵੀ ਕਾਰੀ ਮੁਹੰਮਦ ਅਸ਼ਰਦ ਅਤੇ ਫਾਦਰ ਲਿਟੋ ਅਤੇ ਸਕੂਲ ਦੇ ਬੱਚਿਆਂ ਨੇ ਰੱਖੀ। ਇੰਨਾ ਹੀ ਨਹੀਂ ਹਿੰਦੂ, ਮੁਸਲਿਮ, ਸਿੱਖ ਅਤੇ ਈਸਾਈ ਧਰਮਾਂ ਨਾਲ ਸਬੰਧਿਤ ਸਰਵ ਧਰਮ ਪ੍ਰਾਰਥਨਾ ਵੀ ਕੀਤੀ ਗਈ। ਵਿਧਾਇਕ ਸੰਜੈ ਤਲਵਾੜ ਨੇ ਦੱਸਿਆ ਹੈ ਕਿ ਇਸ ਸਕੂਲ ਤੋਂ 5 ਵਾਰਡਾਂ ਨੂੰ ਫਾਇਦਾ ਹੋਵੇਗਾ। ਡੀ.ਈ.ਓ ਸੈਕੰਡਰੀ ਰਾਜਿੰਦਰ ਕੌਰ ਨੇ ਕਿਹਾ ਹੈ ਕਿ ਇਸ ਸਕੂਲ ਦੇ ਸ਼ੁਰੂ ਹੋਣ ਨਾਲ ਜਰੂਰਤਮੰਦ ਬੱਚਿਆਂ ਨੂੰ ਉੱਚ ਪੱਧਰ ਦੀ ਸਿੱਖਿਆ ਹਾਸਲ ਹੋ ਸਕੇਗੀ। ਇਸ ਸਕੂਲ ‘ਚ ਵਿਦਿਆਰਥੀਆਂ ਨੂੰ ਚੰਗੀ ਪੜ੍ਹਾਈ ਦੇਣ ਦੇ ਨਾਲ ਹੀ ਹਰ ਕਲਾਸ ‘ਚ ਪ੍ਰੋਜੈਕਟਰ, ਵਾਈ-ਫਾਈ ਲਾਇਆ ਜਾਵੇਗਾ। ਸੋਲਰ ਸਿਸਟਮ ਨਾਲ ਲੈਸ ਇਹ ਸਕੂਲ ਹੋਣਗੇ ਅਤੇ ਖੇਡ ਦਾ ਮੈਦਾਨ ਵੀ ਹੋਵੇਗਾ।
ਵਿਧਾਇਕ ਸੰਜੈ ਸਿੰਘ ਤਲਵਾੜ ਨੇ ਦੱਸਿਆ ਹੈ ਕਿ ਇਹ ਸਕੂਲ ਹਰ ਧਰਮ, ਹਰ ਜਾਤ ਤੇ ਹਰ ਇਕ ਫਿਰਕੇ ਨਾਲ ਸਬੰਧਿਤ ਵਿਅਕਤੀ ਦਾ ਹੈ, ਇਸ ਲਈ ਉਨ੍ਹਾਂ ਨੇ ਸਰਬ ਧਰਮ ਪ੍ਰਾਥਨਾ ਕਰਕੇ ਸਕੂਲ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਜ਼ਮੀਨ ‘ਚ ਸਮਾਰਟ ਸਕੂਲ ਦੀ ਉਸਾਰੀ ਕੀਤੀ ਜਾ ਰਹੀ ਹੈ, ਇਸ ਸਕੂਲ ਦੀ ਜ਼ਮੀਨ ਦੀ ਬਾਜ਼ਾਰੀ ਕੀਮਤ 200 ਕਰੋੜ ਰੁਪਏ ਹੈ ਅਤੇ ਇਸ ਦੀ ਉਸਾਰੀ ‘ਤੇ 13 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਇਹ ਸਕੂਲ ਪੰਜਾਬ ਦਾ ਪਹਿਲਾ ਸਰਕਾਰੀ ਸਮਾਰਟ ਸਕੂਲ ਹੋਵੇਗਾ, ਜਿਸ ‘ਚ ਬੱਚਿਆਂ ਲਈ ਖੇਡ ਮੈਦਾਨ, ਸੋਲਰ ਸਿਸਟਮ, ਹਰ ਕਲਾਸ ਰੂਮ ‘ਚ ਪ੍ਰੋਜੈਕਟਰ, ਵਾਈ ਫਾਈ, ਛੋਟੇ ਤੇ ਵੱਡੇ ਬੱਚਿਆਂ ਲਈ ਵੱਖਰੇ ਸਵੀਮਿੰਗ ਪੂਲ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਇਕ ਸਾਲ ‘ਚ ਇਸ ਸਕੂਲ ਦੀ ਉਸਾਰੀ ਦਾ ਕੰਮ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਇਸ ਤੋਂ ਇਲਾਵਾ ਵਿਧਾਇਕ ਸੰਜੈ ਤਲਵਾੜ ਨੇ ਦੱਸਿਆ ਕਿ ਹਲਕਾ ਲੁਧਿਆਣਾ ਪੂਰਬੀ ‘ਚ 10 ਹੋਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਅਤੇ ਹਰ ਮਹੀਨੇ ਇਕ ਸਕੂਲ ਦਾ ਨੀਂਹ ਪੱਥਰ ਰੱਖਿਆ ਜਾਵੇਗਾ । ਨਵੇਂ ਸਕੂਲ ਵਾਰਡ ਨੰਬਰ-5, 6, 13, 14, 15, 17 ਤੇ 18 ‘ਚ ਬਣਾਏ ਜਾ ਰਹੇ ਹਨ। ਵਾਰਡ ਨੰਬਰ-13 ਅਤੇ 15 ‘ਚ ਬਣਨ ਵਾਲੇ ਸਮਾਰਟ ਸਕੂਲਾਂ ਦਾ ਕੰਮ 3 ਮਹੀਨੇ ‘ਚ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਨਵੇਂ ਸਕੂਲਾਂ ਲਈ ਜ਼ਮੀਨਾਂ ਲੈਣ ਅਤੇ ਫੰਡਾਂ ਦਾ ਪ੍ਰਬੰਧ ਕਰਨ ਦੀ ਕਾਰਵਾਈ ਚੱਲ ਰਹੀ ਹੈ ।
ਇਹ ਵੀ ਦੇਖੋ—