tenant cheated landlady fake documents: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚ ਇਕ ਧੋਖਾਧੜੀ ਦਾ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਇਹ ਮਾਮਲਾ ਇੱਥੋ ਦੇ ਸਥਾਨਕ ਨਿਊ ਕਰਤਾਰ ਨਗਰ ਧੂਰੀ ਲਾਈਨ ਇਲਾਕੇ ‘ਚੋਂ ਸਾਹਮਣੇ ਆਇਆ ਹੈ , ਜਿੱਥੇ ਕੋਠੀ ਕਿਰਾਏ ‘ਤੇ ਲੈ ਕੇ ਰਹਿਣ ਵਾਲੇ ਕਿਰਾਏਦਾਰ ਨੇ ਉਕਤ ਜਾਇਦਾਦ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਤਹਿਤ ਮਕਾਨ ਮਾਲਕਣ ਦੇ ਹੋਸ਼ ਉਡਾ ਦਿੱਤੇ । ਇਸ ਸਾਜ਼ਿਸ਼ ਤਹਿਤ ਕਿਰਾਏਦਾਰ ਨੇ ਆਪਣੇ ਇੱਕ ਹੋਰ ਸਾਥੀ ਦੀ ਮਦਦ ਨਾਲ ਜਾਇਦਾਦ ਅਤੇ ਫਰਜ਼ੀ ਦਸਤਾਵੇਜ਼ ਤਿਆਰ ਵੀ ਕਰ ਲਏ। ਜਾਇਦਾਦ ਦੀ ਅਸਲੀ ਮਾਲਕਣ ਨੂੰ ਕਿਰਾਏਦਾਰ ਦੀ ਕਰਤੂਤ ਦੀ ਭਿਣਕ ਲੱਗੀ ਤਾਂ ਉਨ੍ਹਾਂ ਇਸ ਮਾਮਲੇ ਨੂੰ ਪੁਲਿਸ ਨੂੰ ਦਿੱਤੀ। ਇਸ ਮਾਮਲੇ ਦੀ ਲੰਮੀ ਪੜਤਾਲ ਮਗਰੋਂ ਆਖਰ ਮਾਡਲ ਟਾਊਨ ਪੁਲਿਸ ਵੱਲੋਂ ਕਿਰਾਏਦਾਰ ਰਾਜਿੰਦਰ ਮਨੀ ਅਤੇ ਉਸ ਦੇ ਸਾਥੀ ਧਰਮਿੰਦਰ ਮੰਡਲ ਖ਼ਿਲਾਫ ਧੋਖਾਦੇਹੀ ਸਮੇਤ ਹੋਰ ਸੰਗੀਨ ਦੋਸ਼ਾਂ ਤਹਿਤ ਪਰਚਾ ਦਰਜ ਕੀਤਾ ਗਿਆ।
ਦਰਅਸਲ ਮਾਡਲ ਟਾਊਨ ਦੀ ਰਹਿਣ ਵਾਲੀ ਸ਼ਿਕਾਇਤਕਰਤਾ ਕਿ੍ਸ਼ਨਾ ਦੇਵੀ ਮੁਤਾਬਕ ਉਸ ਦੀ ਧੂਰੀ ਲਾਈਨ ਨਿਊ ਕਰਤਾਰ ਨਗਰ ਮੁਹੱਲੇ ‘ਚ ਕਰੀਬ 600 ਵਰਗ ਗਜ ‘ਚ ਕੋਠੀ ਹੈ, ਜਿਸ ਨੂੰ ਉਸ ਨੇ ਸਾਲ 2011 ‘ਚ ਰਾਜਿੰਦਰ ਮਨੀ ਨੂੰ ਕਿਰਾਏ ‘ਤੇ ਰਹਿਣ ਲਈ ਦਿੱਤੀ ਸੀ। ਕਿ੍ਸ਼ਨਾ ਦੇਵੀ ਮੁਤਾਬਕ ਉਸ ਮੌਕੇ ਤਿਆਰ ਕੀਤੇ ਕਿਰਾਏਨਾਮੇ ‘ਚ ਕਿਰਾਇਆ ਤੈਅ ਕਰਨ ਤੋਂ ਇਲਾਵਾ ਸਕਿਓਰਿਟੀ ਦੇ ਰੂਪ ‘ਚ ਇੱਕ ਲੱਖ ਰੁਪਏ ਦਾ ਚੈੱਕ ਦੇਣਾ ਤੈਅ ਹੋਇਆ ਸੀ। ਉਨ੍ਹਾਂ ਦੱਸਿਆ ਕਿ ਲਗਭਗ ਇੱਕ ਸਾਲ ਤੱਕ ਰਾਜਿੰਦਰ ਮਨੀ ਉਨ੍ਹਾਂ ਨੂੰ ਸਮੇਂ ਸਿਰ ਕੋਠੀ ਦਾ ਕਿਰਾਇਆ ਦਿੰਦਾ ਰਿਹਾ ਪਰ ਸਾਲ 2012 ਦਸੰਬਰ ਮਹੀਨੇ ਤੋਂ ਉਸ ਨੇ ਕਿਰਾਇਆ ਦੇਣਾ ਬੰਦ ਕਰ ਦਿੱਤਾ। ਕਿ੍ਸ਼ਨਾ ਦੇਵੀ ਮੁਤਾਬਕ ਵਾਰ ਵਾਰ ਕਿਰਾਇਆ ਮੰਗਣ ਤੇ ਵੀ ਜਦ ਰਾਜਿੰਦਰ ਨੇ ਕਿਰਾਇਆ ਨਾ ਦਿੱਤਾ ਤਾਂ ਉਨ੍ਹਾਂ ਸਕਿਓਰਿਟੀ ਚੈੱਕ ਬੈਂਕ ‘ਚ ਲਗਾ ਦਿੱਤਾ, ਜੋ ਕਿ ਪੈਸੇ ਨਾ ਹੋਣ ਦੀ ਸੂਰਤ ‘ਚ ਬਾਊਂਸ ਹੋ ਗਿਆ। ਉਨ੍ਹਾਂ ਨੇ ਰਾਜਿੰਦਰ ਮਨੀ ਨੂੰ ਚੈੱਕ ਬਾਊਂਸ ਹੋਣ ਬਾਰੇ ਜਾਣਕਾਰੀ ਦਿੱਤੀ ਤਾਂ ਮੁਲਜ਼ਮ ਨੇ ਉਸ ਨੂੰ ਕੁਝ ਹੋਰ ਚੈੱਕ ਦਿੱਤੇ, ਜੋ ਦੁਬਾਰਾ ਲਗਾਉਣ ਤੇ ਫਿਰ ਫੇਲ ਹੋ ਗਏ। ਇਸ ਦੌਰਾਨ ਕਿਰਾਏਦਾਰ ਰਾਜਿੰਦਰ ਮਨੀ ਨੇ ਉਸ ਦੀ ਜਾਇਦਾਦ ਉੱਪਰ ਮਾਲਕੀਅਤ ਦਾ ਦਾਅਵਾ ਕੀਤਾ। ਉਨ੍ਹਾਂ ਦੋਸ਼ ਲਗਾਏ ਕਿ ਰਾਜਿੰਦਰ ਮਨੀ ਨੇ ਆਪਣੇ ਇੱਕ ਹੋਰ ਸਾਥੀ ਧਰਮਿੰਦਰ ਮੰਡਲ ਨਾਲ ਮਿਲ ਕੇ ਉਸ ਦੀ ਮਾਲਕੀ ਵਾਲੀ ਜਾਇਦਾਦ ਦੇ ਫਰਜ਼ੀ ਦਸਤਾਵੇਜ਼ ਤਿਆਰ ਕਰਕੇ ਆਪਣੇ ਨਾਮ ਉੱਤੇ ਜਾਅਲੀ ਰਜਿਸਟਰੀ ਤਿਆਰ ਕਰਵਾ ਲਈ। ਜਦ ਕਿ੍ਸ਼ਨਾ ਦੇਵੀ ਨੂੰ ਇਸ ਬਾਰੇ ਭਿਣਕ ਲੱਗੀ ਤਾਂ ਉਨ੍ਹਾਂ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ।