ਲੁਧਿਆਣਾ, (ਤਰਸੇਮ ਭਾਰਦਵਾਜ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅਜੇ ਤਕ 10ਵੀਂ ਓਪਨ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ ਐਲਾਨ ਨਾ ਕੀਤੇ ਜਾਣ ਨੂੰ ਲੈ ਕੇ ਵਿਦਿਆਰਥੀਆਂ ਨੇ ਬੀਤੇ ਦਿਨ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਦੇ ਸਾਹਮਣੇ ਧਰਨਾ ਦਿੱਤਾ ਹੈ।
ਇਸ ਧਰਨੇ ‘ਚ ਆਮ ਆਦਮੀ ਪਾਰਟੀ ਦੀ ਹਲਕਾ ਤਲਵੰਡੀ ਤੋਂ ਵਿਧਾਇਕ ਪ੍ਰੋ.ਬਲਜਿੰਦਰ ਕੌਰ ਵੀ ਸ਼ਾਮਲ ਸੀ।ਇਸ ਮੌਕੇ ਬਲਜਿੰਦਰ ਕੌਰ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਖਾਸ ਕਰ ਕੇ ਸਿੱਖਿਆ ਮੰਤਰੀ ਦੀ ਨਾਲਾਇਕੀ ਗਰੀਬ, ਅਨੁਸੂਚਿਤ ਜਾਤੀ ਅਤੇ ਆਮ ਘਰਾਂ ਦੇ ਉਨ੍ਹਾਂ ਹਜ਼ਾਰਾਂ ਵਿਦਿਆਰਥੀਆਂ ਦੇ ਭਵਿੱਖ ਨੂੰ ਤਬਾਹ ਕਰ ਰਹੀ ਹੈ, ਜੋ ਘਰੇਲੂ ਹਾਲਾਤਾਂ ਅਤੇ ਮਜਬੂਰੀਆਂ ਕਾਰਨ ਰੈਗੁਲਰ ਪੜ੍ਹਾਈ ਕਰਨ ਦੀ ਬਜਾਏ ਬੋਰਡ ਦੀ ਓਪਨ ਸਕੂਲ ਪ੍ਰਣਾਲੀ ਤੋਂ ਪੜ੍ਹ ਰਹੇ ਹਨ।ਓਪਨ 10ਵੀਂ ਕਰ ਰਹੇ ਵਿਦਿਆਰਥੀਆਂ ਦਾ ਨਤੀਜਾ ਅਜੇ ਤਕ ਐਲਾਨ ਨਹੀਂ ਕੀਤਾ ਗਿਆ।ਜਿਸ ਕਾਰਨ ਉਹ ਫੌਜ ਦੀ ਭਰਤੀ ਸਮੇਤ ਨੌਕਰੀਆਂ ਦੇ ਹੋਰਾਂ ਮੌਕਿਆਂ ਤੋਂ ਵਾਂਝੇ ਰਹਿ ਰਹੇ ਹਨ।ਉਨ੍ਹਾਂ ਨੇ ਮੰਗ ਕੀਤੀ ਕਿ ਜਿੰਨੀ ਜਲਦੀ ਹੋ ਸਕੇ, ਵਿਦਿਆਰਥੀਆਂ ਦੇ ਨਤੀਜੇ ਐਲਾਨ ਕੀਤੇ ਜਾਣ।ਤਾਂ ਜੋ ਬਹੁਤ ਸਾਰੇ ਵਿਦਿਆਰਥੀ 30 ਅਗਸਤ ਨੂੰ ਹੋ ਰਹੀਆਂ ਭਾਰਤੀ ਫੌਜ ਦੀ ਭਰਤੀ ‘ਚ ਹਿੱਸਾ ਲੈ ਸਕਣ।ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ 10ਵੀਂ ਓਪਨ ਜਮਾਤ ਦੇ ਕੁਲ 31 ਹਜ਼ਾਰ ਵਿਦਿਆਰਥੀ ਹਨ।ਹਰ ਸਾਲ ਵਿਦਿਆਰਥੀ 15 ਹਜ਼ਾਰ ਰੁਪਏ ਫੀਸ ਦਿੰਦਾ ਹੈ।ਦੱਸਣਯੋਗ ਹੈ ਕਿ ਕੁਲ 46 ਕਰੋੜ 50 ਲੱਖ ਰੁਪਏ ਬੋਰਡ ਸਰਕਾਰ ਵਲੋਂ ਇਕੱਠਾ ਕੀਤਾ ਜਾਂਦਾ ਹੈ।ਇੰਨਾ ਪੈਸਾ ਇਕੱਠਾ ਹੋਣ ਦੇ ਬਾਵਜੂਦ ਸਰਕਾਰ ਨਤੀਜਾ ਐਲਾਨ ਕਰਨ ਦੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ।