theft FIR email whatsapp: ਲੁਧਿਆਣਾ (ਤਰਸੇਮ ਭਾਰਦਵਾਜ)-ਚੋਰੀ, ਲੁੱਟ-ਖੋਹ ਦੀਆਂ ਵਾਰਦਾਤਾਂ ਸਬੰਧੀ ਐੱਫ.ਆਈ.ਆਰ ਦਰਜ ਕਰਵਾਉਣ ਲਈ ਹੁਣ ਤੁਹਾਨੂੰ ਥਾਣਿਆਂ ਦੇ ਚੱਕਰ ਨਹੀਂ ਲਾਉਣੇ ਪੈਣਗੇ, ਕਿਉਂਕਿ ਹੁਣ ਤੁਸੀਂ ਈ-ਮੇਲ ਰਾਹੀਂ ਆਪਣੀ ਸ਼ਿਕਾਇਤ ਸਿੱਧੀ ਪੁਲਿਸ ਕਮਿਸ਼ਨਰ ਨੂੰ ਭੇਜ ਸਕਦੇ ਹੋ ਤੇ 24 ਘੰਟਿਆਂ ਦੌਰਾਨ ਐੱਫ. ਆਈ.ਆਰ ਦਰਜ ਕਰ ਇਸ ਦੀ ਕਾਪੀ ਤੁਹਾਡੀ ਈ-ਮੇਲ ਤੇ ਵੱਟਸਐਪ ਰਾਹੀਂ ਭੇਜ ਦਿੱਤੀ ਜਾਵੇਗੀ। ਇਸ ਦੇ ਲਈ ਸ਼ਿਕਾਇਤਕਰਤਾ ਨੂੰ cp.ldh.police@punjab.gov.in ਆਪਣੀ ਸ਼ਿਕਾਇਤ ਭੇਜਣੀ ਹੋਵੇਗੀ। ਬਿਨਾਂ ਕੋਈ ਸਵਾਲ ਪੁੱਛੇ ਅਤੇ ਤੱਥਾਂ ਦੀ ਜਾਂਚ ਦੇ ਐੱਫ.ਆਈ.ਆਰ ਦਰਜ ਕੀਤੀ ਜਾਵੇਗੀ। ਆਮ ਤੌਰ ‘ਤੇ ਲੋਕਾਂ ਨੂੰ ਸ਼ਿਕਾਇਤ ਰਹਿੰਦੀ ਹੈ ਕਿ ਪੁਲਿਸ ਵਾਹਨ ਚੋਰੀ ਦੇ ਮਾਮਲੇ ‘ਚ ਐੱਫ.ਆਈ.ਆਰ ਰਜਿਸਟਰ ਕਰਨ ‘ਚ ਲਾਪਰਵਾਹੀ ਵਰਤੀ ਜਾਂਦੀ ਹੈ ਤੇ ਕਈ-ਕਈ ਦਿਨਾਂ ਤੱਕ ਥਾਣਿਆਂ ਦੇ ਚੱਕਰ ਲਾਉਣ ਦੇ ਬਾਵਜੂਦ ਐੱਫ.ਆਈ.ਆਰ ਦਰਜ ਨਹੀਂ ਹੁੰਦੀ ਹੈ। ਕਈ ਕ੍ਰਾਈਮ ਰੇਟ ਘਟਾਉਣ ਦੇ ਮਕਸਦ ਨਾਲ ਹੀ ਪੁਲਿਸ ਇਸ ਤਰ੍ਹਾਂ ਕਰਦੀ ਹੈ।
ਇਸ ਤੋਂ ਇਲਾਵਾ ਘਰਾਂ ‘ਚ ਚੋਰੀ ਦੇ ਮਾਮਲਿਆਂ ‘ਚ ਵੀ ਐੱਫ.ਆਈ.ਆਰ ‘ਚ ਦੇਰੀ ਹੁੰਦੀ ਹੈ। ਅਜਿਹੇ ‘ਚ ਹੁਣ ਲੋਕਾਂ ਨੂੰ ਐੱਫ.ਆਈ.ਆਰ ਦਰਜ ਕਰਵਾਉਣ ਲਈ ਥਾਣਿਆਂ ਦੇ ਚੱਕਰ ਨਹੀਂ ਲਾਉਣੇ ਪੈਣਗੇ। ਚੋਰੀ, ਲੁੱਟ-ਖੋਹ ਦੀਆਂ ਵਾਰਦਾਤਾਂ ਦੇ ਲਈ ਇਹ ਯੋਜਨਾ ਲਾਭਦਾਇਕ ਹੋਵੇਗੀ ਪਰ ਦੂਜੇ ਮਾਮਲਿਆਂ ‘ਚ ਮੌਜੂਦਾ ਤੱਥਾਂ ਦਾ ਪਤਾ ਲਾਉਣ ਅਤੇ ਜਾਂਚ ਤੋਂ ਬਾਅਦ ਹੀ ਐੱਫ.ਆਈ.ਆਰ ਦਰਜ ਕੀਤੀ ਜਾਵੇਗੀ।