theft snatching footage accused untressed: ਲੁਧਿਆਣਾ (ਤਰਸੇਮ ਭਾਰਦਵਾਜ)- ‘ਚੋਰ ਚੁਸਤ ਤੇ ਪੁਲਿਸ ਸੁਸਤ’ ਵਾਲੀ ਕਹਾਵਤ ਤਾਂ ਤੁਸੀਂ ਸਾਰਿਆਂ ਨੇ ਸੁਣੀ ਹੋਣੀ ਆ, ਜਿਸ ਨੂੰ ਸੱਚ ਕਰਦਾ ਲੁਧਿਆਣਾ ‘ਚ ਹੈਰਾਨੀਜਨਕ ਖੁਲਾਸਾ ਹੁੰਦਾ ਹੈ। ਜਾਣਕਾਰੀ ਮੁਤਾਬਕ ਇੱਥੇ 30 ਦਿਨ੍ਹਾਂ ਦੌਰਾਨ ਚੋਰਾਂ ਨੇ 60 ਵਾਰਦਾਤਾਂ ਨੂੰ ਅੰਜ਼ਾਮ ਦਿੱਤਾ, ਜਿਨ੍ਹਾਂ ‘ਚ 40 ਮਾਮਲੇ ਅਜਿਹੇ ਵੀ ਸਾਹਮਣੇ ਆਏ ਹਨ। ਦੱਸ ਦੇਈਏ ਕਿ ਮਹਾਨਗਰ ‘ਚ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੁੰਦੇ ਜਾ ਰਹੇ ਹਨ ਕਿ ਆਏ ਦਿਨ ਸ਼ਰੇਆਮ ਬੈਂਕ, ਫੈਕਟਰੀਆਂ ਅਤੇ ਰਾਹਗੀਰਾਂ ਨੂੰ ਨਿਸ਼ਾਨਾ ਬਣਾਉਂਦੇ ਹਨ।
ਇੱਥੇ ਇਹ ਵੀ ਖੁਲਾਸਾ ਹੋਇਆ ਹੈ ਕਿ ਇਨ੍ਹਾਂ ਅਪਰਾਧੀਆਂ ਨੂੰ ਫੜ੍ਹਨ ‘ਚ ਪੁਲਿਸ ਵੀ ਅਸਫਲ ਨਜ਼ਰ ਆਈ ਹੈ, ਕਿਉਂਕਿ ਜਿਹੜੇ ਮਾਮਲਿਆਂ ਦੀ ਸੀ.ਸੀ.ਟੀ.ਵੀ ਫੁਟੇਜ ਪੁਲਿਸ ਨੂੰ ਮਿਲੀ, ਉਨ੍ਹਾਂ ‘ਚ ਪੁਲਿਸ ਅਪਰਾਧੀਆਂ ਨੂੰ ਟ੍ਰੇਸ ਕਰਨ ‘ਚ ਅਸਫਲ ਰਹੀ ਹੈ। ਇਸ ਦਾ ਕਾਰਨ ਸਾਹਮਣੇ ਆ ਰਿਹਾ ਹੈ ਕਿ ਜਿਆਦਾਤਰ ਅਪਰਾਧੀ ਮੂੰਹ ‘ਤੇ ਰੁਮਾਲ-ਮਾਸਕ ਲਾ ਕੇ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਹਨ ਅਤੇ ਜੋ ਕੈਮਰਿਆਂ ਦੀ ਕੁਆਲਿਟੀ ਹੈ ਉਹ ਵਧੀਆ ਨਹੀਂ ਹੈ ਜਿਸ ਕਾਰਨ ਅਪਰਾਧੀਆਂ ਨੂੰ ਟ੍ਰੇਸ ਨਹੀਂ ਕੀਤਾ ਜਾਂਦਾ ਹੈ।
ਦੱਸਣਯੋਗ ਹੈ ਕਿ ਸ਼ਹਿਰ ‘ਚ ਚੋਰ-ਅਪਰਾਧੀਆਂ ‘ਤੇ ਨਜ਼ਰ ਰੱਖਣ ਲਈ 1359 ਸੀ.ਸੀ.ਟੀ ਵੀ ਕੈਮਰੇ ਲਾਏ ਗਏ ਪਰ ਇਨ੍ਹਾਂ ‘ਚ 600 ਤੋਂ ਵੱਧ ਬੰਦ ਹਨ ਪਰ ਜੋ ਚੱਲ ਵੀ ਰਹੇ ਨੇ ਉਨ੍ਹਾਂ ‘ਚ ਕਈ ਕੈਮਰਿਆਂ ਦੀ ਕੁਆਲਿਟੀ ਵਧੀਆ ਨਹੀਂ ਹੈ। ਸ਼ਹਿਰ ‘ਚ 28 ਪੁਲਿਸ ਥਾਣੇ , 31 ਚੌਕੀਆਂ , 2 ਸੀ.ਆਈ.ਏ ਸਟਾਫ ‘ਚ 4000 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਨੇ ਪਰ ਫਿਰ ਵੀ ਚੋਰ ਅਪਰਾਧੀ ਬੇਖੌਫ ਦਿਨ ਦਿਹਾੜੇ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਮਹਾਨਗਰ ‘ਚ ਨਿਊ ਸ਼ਿਵਾਜੀ ਨਗਰ ‘ਚ ਬੇਟੇ ਦੀ ਟਿਊਸ਼ਨ ਟੀਚਰ ਦੇ ਘਰ ਗਈ ਔਰਤ ਦੀ ਚੋਰਾਂ ਨੇ ਸੋਨੇ ਦੀ ਚੇਨ ਝਪਟ ਲਈ ਸੀ। ਅਜਿਹਾ ਹੀ ਮਾਮਲਾ ਗੁਰੂ ਨਾਨਕ ਕਾਲੋਨੀ ਤੋਂ ਵੀ ਸਾਹਮਣੇ ਆਇਆ ਹੈ ਜਿੱਥੇ ਕਾਰੋਬਾਰੀ ਦੇ ਘਰ ‘ਚ ਦਾਖਲ਼ ਹੋ ਕੇ ਚੋਰਾਂ ਨੇ ਸਪਰੇਅ ਕਰਕੇ 11 ਤੋਲੇ ਸੋਨਾ ਲੁੱਟਿਆ ਸੀ। ਇਸ ਤੋਂ ਗਿੱਲ ਰੋਡ ਦੀ ਬੈਰਿੰਗ ਕੰਪਨੀ ਦੇ ਕਰਿੰਦ ਤੋਂ ਲੁਟੇਰਿਆਂ ਨੇ 2.80 ਲੱਖ ਰੁਪਏ ਲੁੱਟੇ ਸੀ।