trade returns weekend market: ਲੁਧਿਆਣਾ (ਤਰਸੇਮ ਭਾਰਦਵਾਜ)- ਕੋਰੋਨਾ ਸੰਕਟ ਦੇ ਚੱਲਦਿਆਂ ਹੁਣ ਸਰਕਾਰ ਨੇ ਵੀਕੈਂਡ ਕਰਫਿਊ ਖਤਮ ਕਰ ਦਿੱਤਾ ਗਿਆ ਹੈ। ਅੱਜ ਭਾਵ ਐਤਵਾਰ ਨੂੰ ਬਾਜ਼ਾਰਾਂ ‘ਚ ਕਈ ਮਹੀਨਿਆਂ ਬਾਅਦ ਦੁਬਾਰਾ ਰੌਣਕ ਦੇਖਣ ਨੂੰ ਮਿਲੀ ਹੈ ਪਰ ਉੱਥੇ ਹੀ ਸਰਕਾਰਾਂ ਦੇ ਆਦੇਸ਼ਾਂ ਦੀਆਂ ਧੱਜੀਆਂ ਵੀ ਉੱਡਦੀਆਂ ਨਜ਼ਰ ਆਈਆਂ ਹਨ। ਦੱਸ ਦੇਈਏ ਕਿ ਇਹ ਉਹ ਬਜਾਰ ਹਨ, ਜਿੱਥੇ ਹਰ ਸਮੇਂ ਲੋਕਾਂ ਦੀ ਭੀੜ ਰਹਿੰਦੀ ਸੀ ਪਰ ਕੋਰੋਨਾ ਕਾਰਨ ਇਹ ਬਜ਼ਾਰਾਂ ‘ਚ ਸੁੰਨ੍ਹ ਪੈ ਗਈ ਸੀ।
ਦੂਜੇ ਪਾਸੇ ਚਾਹੇ ਕੋਰੋਨਾ ਸੰਕਟ ਖਤਮ ਨਹੀਂ ਹੋਇਆ ਹੈ ਪਰ ਬਾਜ਼ਾਰਾਂ ਨੂੰ ਖੋਲ੍ਹੇ ਜਾਣ ਨੂੰ ਲੈ ਕੇ ਵਪਾਰੀਆਂ ਵੱਲੋਂ ਮੰਗ ਕੀਤੀ ਜਾ ਰਹੀ ਸੀ। ਵਪਾਰੀਆਂ ਦਾ ਕਹਿਣਾ ਸੀ ਕਿ ਜੇਕਰ ਐਤਵਾਰ ਨੂੰ ਬਾਜ਼ਾਰ ਨਹੀਂ ਖੁੱਲਣਗੇ ਤਾਂ ਉਨ੍ਹਾਂ ਦਾ ਤਿਉਹਾਰੀ ਸੀਜ਼ਨ ਵੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਜਾਵੇਗਾ, ਕਿਉਂਕਿ ਲੁਧਿਆਣਾ ਦਾ ਬਾਜ਼ਾਰ ਮਾਲਵਾ ਦਾ ਸਭ ਤੋਂ ਵੱਡਾ ਬਾਜ਼ਾਰ ਹੈ ਅਤੇ ਇੱਥੇ ਹਰ ਐਤਵਾਰ ਨੂੰ ਖਰੀਦਦਾਰੀ ਲਈ ਕਈ ਸ਼ਹਿਰਾਂ ਅਤੇ ਕਸਬਿਆਂ ਦੇ ਵਪਾਰੀ ਆਉਂਦੇ ਹਨ। ਤਿਉਹਾਰੀ ਸੀਜ਼ਨ ਹੋਣ ਦੇ ਕਾਰਨ ਬਾਜ਼ਾਰ ਨੂੰ ਉਮੀਦਾਂ ਹਨ। ਇਸੇ ਦੇ ਚੱਲਦਿਆਂ ਸ਼ਹਿਰ ਦੇ ਜ਼ਿਆਦਾਤਰ ਬਾਜ਼ਾਰਾਂ ‘ਚ ਐਤਵਾਰ ਨੂੰ ਕੰਮ ਕੀਤਾ ਜਾਂਦਾ ਹੈ ਅਤੇ ਸੋਮਵਾਰ ਨੂੰ ਬਾਜ਼ਾਰ ਬੰਦ ਰੱਖੇ ਜਾਂਦੇ ਹਨ।
ਪੰਜਾਬ ਸੂਬਾ ਵਪਾਰ ਮੰਡਲ ਦੇ ਜਨਰਲ ਸਕੱਤਰ ਸੁਨੀਲ ਮੇਹਰਾ ਮੁਤਾਬਕ ਕੋਰੋਨਾ ਸੰਕਟ ਦੇ ਕਈ ਹਫਤਿਆਂ ਬਾਅਦ ਬਾਜ਼ਾਰਾਂ ‘ਚ ਰੌਣਕ ਪਰਤੀ ਹੈ। ਪਿਛਲੇ 6 ਮਹੀਨਿਆਂ ‘ਚ ਵਪਾਰੀਆਂ ਨੂੰ ਕਾਫੀ ਨੁਕਸਾਨ ਸਹਿਣਾ ਪਿਆ ਹੈ। ਵੀਕੈਂਡ ‘ਤੇ ਬਾਜ਼ਾਰ ਦੇ ਖੁੱਲਣ ਨਾਲ ਲਗਾਤਾਰ ਕਸਬਿਆਂ ਦੇ ਵਪਾਰੀ ਆਉਣ ਨਾਲ ਬਾਜ਼ਾਰਾਂ ਦੀ ਰੌਣਕ ਪਰਤ ਰਹੀ ਹੈ।