unique talent Harmanjot bicycle: ਲੁਧਿਆਣਾ (ਤਰਸੇਮ ਭਾਰਦਵਾਜ)- ਕਹਿੰਦੇ ਹਨ ਕਿ ਜੇਕਰ ਕੁਝ ਕਰਨ ਦਾ ਜੁਨੂੰਨ ਹੋਵੇ ਤਾਂ ਕੋਈ ਵੀ ਚੀਜ਼ ਤੁਹਾਡਾ ਰਸਤਾ ਨਹੀਂ ਰੋਕ ਸਕਦੀ। ਅਜਿਹਾ ਹੀ ਕੁਝ ਕਰ ਵਿਖਾਇਆ ਲੁਧਿਆਣਾ ਜ਼ਿਲ੍ਹੇ ਦੇ 8ਵੀਂ ਜਮਾਤ ਦੇ ਵਿਦਿਆਰਥੀ ਨੇ, ਜਿਸ ਬਾਰੇ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਸੀ। ਦੱਸ ਦੇਈਏ ਕਿ ਹਰਮਨਜੋਤ ਸਿੰਘ ਨੇ ਆਪਣੇ ਪਿਤਾ ਦੀ ਮਦਦ ਨਾਲ ਕਬਾੜ ‘ਚੋਂ ਪਏ ਸਾਮਾਨ ਦੀ ਵਰਤੋਂ ਕਰ ਸਾਈਕਲ ਬਣਾ ਦਿੱਤੀ, ਜਿਸ ਨੂੰ ਦੇਖ ਕੇ ਸਾਰੇ ਹੈਰਾਨ ਹੋ ਗਏ। ਜਦੋਂ ਹਰਮਨਜੋਤ ਨੇ ਆਪਣੇ ਸਾਈਕਲ ਦੀ ਵੀਡੀਓ ਸੋਸ਼ਲ ਮੀਡੀਆਂ ‘ਤੇ ਸ਼ੇਅਰ ਕੀਤੀ ਤਾਂ ਇਸ ਦੀ ਖੂਬ ਚਰਚਾ ਹੋ ਰਹੀ ਹੈ।
ਦੱਸਣਯੋਗ ਹੈ ਕਿ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਲੱਖੋਵਾਲ ਨਿਵਾਸੀ ਹਰਮਨਜੋਤ ਨੂੰ ਸਾਈਕਲ ਚਾਹੀਦਾ ਸੀ ਪਰ ਉਸ ਦੇ ਪਿਤਾ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਉਸ ਨੂੰ ਸਾਈਕਲ ਖਰੀਦ ਕੇ ਨਹੀਂ ਲੈ ਦੇ ਸਕਿਆ। ਦੂਜੇ ਪਾਸੇ ਕੋਰੋਨਾ ਕਾਰਨ ਸਕੂਲ ਬੰਦ ਸੀ, ਅਜਿਹੇ ‘ਚ ਹਰਮਨਜੋਤ ਨੇ ਖਾਲੀ ਸਮੇਂ ਦੀ ਸਹੀਂ ਵਰਤੋਂ ਕਰਕੇ ਜੁਗਾੜ ਲਾ ਕੇ ਸਾਈਕਲ ਤਿਆਰ ਕਰ ਲਿਆ।
ਹਰਮਨਜੋਤ ਨੇ ਜੋ ਸਾਈਕਲ ਬਣਾਈ ਹੈ, ਉਹ ਅਗਲੇ ਪਾਸਿਓ ਸਕੂਟਰ ਵਰਗਾ ਲੱਗਦਾ ਹੈ ਪਰ ਇਸ ਨੂੰ ਪੈਡਲ ਮਾਰ ਕੇ ਚਲਾਇਆ ਜਾ ਸਕਦਾ ਹੈ। ਵੈਸੇ ਸਾਹਮਣਿਓ ਦੇਖਣ ‘ਚ ਉਹ ਸਕੂਟਰ ਵਰਗਾ ਹੀ ਨਜ਼ਰ ਆਉਂਦਾ ਹੈ। ਹਰਮਨ ਨੇ ਹੈਂਡਿਲ ਦੀ ਥਾਂ ਕਬਾੜ ‘ਚ ਪਏ ਸਕੂਟਰ ਦਾ ਅਗਲਾ ਹਿੱਸਾ ਲਾ ਦਿੱਤਾ। ਬੱਚੇ ਦੀ ਕਲਾਕਾਰੀ ਦੇਖ ਕੇ ਸਾਰੇ ਲੋਕ ਹੈਰਾਨ ਹੋ ਗਏ।
ਇਸ ਸਬੰਧੀ ਜਦੋਂ ਹਰਮਨਜੋਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਸਨੇ ਦੱਸਿਆ ਹੈ ਕਿ ਇਹ ਸਾਈਕਲ ਉਸ ਨੇ ਖੁਦ ਬਣਾਈ ਹੈ ਅਤੇ ਇਸ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਜਾਂਦੇ ਹਨ ਪਰ ਮੈਨੂੰ ਇਹ ਸਾਈਕਲ ਚਲਾਉਣ ‘ਚ ਬਹੁਤ ਮਜ਼ਾ ਆਉਂਦਾ ਹੈ।