Victory can be achieved: ਮਾਨਸਾ, 22 ਜੂਨ : ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਸਾਵਧਾਨੀਆਂ ਦੀ ਵਰਤੋਂ ਕਰਨ ਦਾ ਸੁਨੇਹਾ ਦਿੰਦੇ ਮਿਸ਼ਨ ਫਤਿਹ ਦੇ ਜਾਗਰੂਕਤਾ ਸਟੀਕਰ ਅੱਜ ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਜਾਰੀ ਕੀਤੇ ਗਏ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਵਧਾਨੀਆਂ ਦੀ ਵਰਤੋਂ ਕਰਦੇ ਹੋਏ ਹੀ ਕੋਰੋਨਾ ਮਹਾਂਮਾਰੀ ਤੇ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਮਿਸ਼ਨ ਫਤਿਹ ਮੁਹਿੰਮ ਚਲਾਈ ਗਈ ਹੈ ਜਿਸ ਦਾ ਮਕਸਦ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਅਤੇ ਜ਼ਰੂਰੀ ਸਾਵਧਾਨੀਆਂ ਦੀ ਵਰਤੋਂ ਕਰਦੇ ਹੋਏ ਕੋਰੋਨਾ ਨੂੰ ਹਰਾਉਣਾ ਹੈ। ਸਾਵਧਾਨੀਆਂ ਦੀ ਵਰਤੋਂ ਕਰਦੇ ਹੋਏ ਹੀ ਪੰਜਾਬ ਕੋਰੋਨਾ ਮਹਾਂਮਾਰੀ ਦੀ ਇਸ ਜੰਗ ਵਿਚ ਫਤਿਹ ਪ੍ਰਾਪਤ ਕਰ ਸਕਦਾ ਹੈ। ਸ੍ਰੀ ਮਹਿੰਦਰ ਪਾਲ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਘੱਟ ਤੋਂ ਘੱਟ ਘਰੋਂ ਬਾਹਰ ਨਿਕਲਿਆ ਜਾਵੇ, ਸਮਾਜਿਕ ਦੂਰੀ ਬਰਕਰਾਰ ਰੱਖੀ ਜਾਵੇ ਅਤੇ ਆਪਣੇ ਹੱਥਾਂ ਨੂੰ ਸਾਫ ਅਤੇ ਸੈਨੀਟਾਈਜ਼ ਕਰਨ ਦਾ ਖਾਸ ਖਿਆਲ ਰੱਖਿਆ ਜਾਵੇ ਤਾਂ ਜੋ ਖੁਦ ਨੂੰ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਿਆ ਜਾ ਸਕੇ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਅਮਰਪ੍ਰੀਤ ਕੌਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਮਿਸ਼ਨ ਫਤਿਹ ਦੇ ਇਹ ਸਟੀਕਰ ਯੂਥ ਕਲੱਬਾਂ ਅਤੇ ਐਨ.ਐਸ.ਐਸ. ਵਲੰਟੀਅਰਾਂ ਵਿਚ ਵੰਡੇ ਜਾਣਗੇ ਤਾਂ ਜੋ ਕੋਰੋਨਾ ਮਹਾਂਮਾਰੀ ਨਾਲ ਸਾਵਧਾਨੀਆਂ ਵਰਤਦੇ ਹੋਏ ਲੜਨ ਦਾ ਸੁਨੇਹਾ ਆਮ ਲੋਕਾਂ ਤੱਕ ਪਹੁੰਚਾਇਆ ਜਾ ਸਕੇ ਅਤੇ ਲੋਕਾਂ ਵਿਚ ਇਸ ਮਹਾਂਮਾਰੀ ਪ੍ਰਤੀ ਜਾਗਰੂਕਤਾ ਫੈਲਾਈ ਜਾ ਸਕੇ। ਇਸ ਮੌਕੇ ਐਮ.ਐਲ.ਏ. ਨਾਜਰ ਸਿੰਘ ਮਾਨਸ਼ਾਹੀਆ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ੍ਰੀ ਰਘਬੀਰ ਮਾਨ, ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਪਰਮਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਮੌਜੂਦ ਸਨ।