weather cold begins heat decrease: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ‘ਚ ਪਿਛਲੇ ਦਿਨਾਂ ਤੋਂ ਸਵੇਰ ਦੀ ਸ਼ੁਰੂਆਤ ਗੁਲਾਬੀ ਠੰਡ ਨਾਲ ਹੋ ਰਹੀ ਹੈ। ਸਵੇਰੇ 5 ਵਜੇ ਤੋਂ 7 ਵਜੇ ਦੌਰਾਨ ਠੰਡ ਦੇ ਕਾਰਨ ਹਲਕੀ ਹਲਕੀ ਕੰਬਣੀ ਮਹਿਸੂਸ ਹੋ ਰਹੀ ਹੈ ਹਾਲਾਂਕਿ ਜਿਵੇ-ਜਿਵੇਂ ਧੁੱਪ ਚੜ੍ਹਦੀ ਹੈ, ਉਵੇਂ-ਉਵੇਂ ਹੀ ਗਰਮੀ-ਗਰਮੀ ਹੋਣ ਲੱਗਦੀ ਹੈ। ਵੀਰਵਾਰ ਸਵੇਰਸਾਰ ਵੀ ਮੌਸਮ ਕੁਝ ਅਜਿਹਾ ਹੀ ਰਿਹਾ ਸੀ, ਜੋ ਲੋਕ ਸਵੇਰ ਦੀ ਸੈਰ ਲਈ ਬਾਹਰ ਜਾਂਦੇ ਸੀ, ਉਨ੍ਹਾਂ ਨੂੰ ਠੰਡ ਮਹਿਸੂਸ ਹੋ ਰਹੀ ਸੀ। ਸਵੇਰੇ 7 ਵਜੇ ਦੇ ਕਰੀਬ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਸੈਲਸੀਅਸ ਸੀ। ਪੀ.ਏ.ਯੂ ਮੌਸਮ ਵਿਗਿਆਨਿਕਾਂ ਦੀ ਗੱਲ ਕਰੀਏ ਤਾਂ ਨਵੰਬਰ ਦੇ ਅੰਤ ਤੱਕ ਠੰਡ ਵਧੇਗੀ।
ਦੱਸਣਯੋਗ ਹੈ ਕਿ ਉੱਤਰ-ਪੱਛਮੀ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਹਨ, ਜਿਸ ਤੋਂ ਹੁਣ ਹਵਾ ‘ਚ ਠੰਡਕ ਘੁਲਣ ਲੱਗੀ ਹੈ। ਇਸ ਦੇ ਕਾਰਨ ਹੁਣ ਲੋਕਾਂ ਨੂੰ ਗਰਮੀ ਦਾ ਅਹਿਸਾਸ ਘੱਟ ਹੋਣ ਲੱਗਿਆ ਹੈ ਅਤੇ ਦਿਨ ਦੇ ਤਾਪਮਾਨ ‘ਚ ਵੀ ਕਾਫੀ ਕਮੀ ਦਰਜ ਕੀਤੀ ਜਾ ਰਹੀ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਵਿਗਿਆਨਿਕ ਡਾ.ਕੇ.ਕੇ ਗਿੱਲ ਦੇ ਮੁਤਾਬਕ ਜਦੋਂ ਉੱਤਰ ਤੋਂ ਹਵਾਵਾਂ ਸ਼ੁਰੂ ਹੋ ਜਾਂਦੀਆਂ ਹਨ ਤਾਂ ਇਹ ਸਰਦੀ ਆਉਣ ਦਾ ਸੰਕੇਤ ਹੈ। ਇਸ ਦੇ ਕਾਰਨ ਦਿਨ ਅਤੇ ਰਾਤ ਦੇ ਤਾਪਮਾਨ ‘ਚ ਵੀ ਗਿਰਾਵਟ ਆਉਣ ਲੱਗੀ ਹੈ। ਆਉਣ ਵਾਲੇ ਦਿਨਾਂ ‘ਚ ਤਾਪਮਾਨ ਹੋਰ ਹੇਠਾ ਆ ਜਾਵੇਗਾ ਅਤੇ ਲੋਕਾਂ ਨੂੰ ਗੁਲਾਬੀ ਠੰਡ ਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਵੇਗਾ। ਪਹਿਲਾਂ ਦੇ ਸਾਲਾਂ ਦੌਰਾਨ ਠੰਡ ਦਾ ਆਗਾਜ਼ ਨਵੰਬਰ ਮਹੀਨੇ ਤੋਂ ਹੁੰਦਾ ਰਿਹਾ ਹੈ। ਠੰਡ ਦਾ ਮੌਸਮ ਰੱਬੀ ਦੀਆਂ ਫਸਲਾਂ ਦੇ ਲਈ ਕਾਫੀ ਮਹੱਤਵਪੂਰਨ ਹੁੰਦਾ ਹੈ। ਡਾ. ਗਿੱਲ ਦੇ ਮੁਤਾਬਕ ਇਸ ਵਾਰ ਠੰਡ ਜਿਆਦਾ ਦਿਨਾਂ ਤੱਕ ਰਹਿ ਸਕਦੀ ਹੈ।