west bengal police robbery: ਲੁਧਿਆਣਾ (ਤਰਸੇਮ ਭਾਰਦਵਾਜ)- ਹੁਣ ਪੱਛਮੀ ਬੰਗਾਲ ਦੀ ਪੁਲਿਸ ਦੀ ਟੀਮ ਲੁਧਿਆਣਾ ਲਈ ਰਵਾਨਾ ਹੋ ਗਈ ਹੈ, ਜੋ ਕਿ ਇੱਥੇ ਆ ਕੇ ਮੁਥੂਟ ਫਾਇਨਾਂਸ ਕੰਪਨੀ ‘ਚ ਲੁੱਟ ਕਰਨ ਵਾਲੇ ਗ੍ਰਿਫਤਾਰ ਲੁਟੇਰਿਆਂ ਤੋਂ ਆਪਣੇ ਮਾਮਲਿਆਂ ਦੀ ਪੁੱਛਗਿੱਛ ਕਰੇਗੀ, ਕਿਉਂਕਿ ਪੁਲਿਸ ਨੂੰ ਡਰ ਹੈ ਕਿ ਦੋਸ਼ੀ ਕਿਤੇ ਫਰਾਰ ਨਾ ਹੋ ਜਾਣ। ਦੂਜੇ ਪਾਸੇ ਸ਼ਹਿਰ ਦੇ ਦੁਗਰੀ ਰੋਡ ਸਥਿਤ ਮੁਥੂਟ ਫਾਇਨਾਂਸ ਕੰਪਨੀ ਤੋਂ 15 ਕਰੋੜ ਰੁਪਏ ਦੀ ਡਕੈਤੀ ਕਰਨ ਵਾਲੇ 3 ਲੁਟੇਰਿਆਂ ਨੂੰ ਬੀਤੇ ਦਿਨ ਭਾਵ ਸ਼ਨੀਵਾਰ ਨੂੰ ਪੁਲਿਸ ਨੇ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲੈ ਲਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰਾਜਸਥਾਨ ਦੀ ਪੁਲਿਸ ਵੀ ਪੁੱਛਗਿੱਛ ਕਰਕੇ ਵਾਪਸ ਜਾ ਚੁੱਕੀ ਹੈ। ਰਾਜਸਥਾਨ ਪੁਲਿਸ ਨੂੰ ਕੋਈ ਕਾਮਯਾਬੀ ਹਾਸਿਲ ਨਹੀਂ ਹੋਈ ਸੀ।
ਇਸ ਦੇ ਨਾਲ ਹੀ ਪੱਛਮੀ ਬੰਗਾਲ ਦੀ ਪੁਲਿਸ ਨੇ ਲੁਧਿਆਣਾ ਦੀ ਟੀਮ ਨੂੰ ਫੋਨ ਕਰ ਕੇ ਕਿਹਾ ਹੈ ਕਿ ਉਹ ਵੀ ਆ ਰਹੇ ਹਨ ਅਤੇ ਇੱਥੇ ਹੀ ਆਪਣੇ ਮਾਮਲਿਆਂ ਦੀ ਪੁੱਛਗਿੱਛ ਕਰੇਗੀ ਫਿਲਹਾਲ ਪੁਲਿਸ ਦੋਸ਼ੀਆਂ ਤੋਂ ਉਨ੍ਹਾਂ ਦੇ ਸਾਥੀਆਂ ਦੇ ਠਿਕਾਣਿਆਂ ਅਤੇ ਨੰਬਰ ਪਤਾ ਕਰਵਾਉਣ ‘ਚ ਜੁੱਟੀ ਹੋਈ ਹੈ। ਮਾਹਰ ਦੱਸਦੇ ਹਨ ਕਿ ਪੁਲਿਸ ਦੇ ਹੱਥ ਕਾਫੀ ਜਿਆਦਾ ਜਾਣਕਾਰੀ ਲੱਗ ਚੁੱਕੀ ਹੈ। ਇਸ ਦਾ ਹਵਾਲਾ ਦੇ ਕੇ ਰਿਮਾਂਡ ਵਧਾਈ ਵੀ ਜਾ ਸਕਦੀ ਹੈ। ਐੱਸ.ਐੱਚ.ਓ ਰਾਜਨਪਾਲ ਸਿੰਘ ਨੇ ਦੱਸਿਆ ਹੈ ਕਿ ਦੋਸ਼ੀਆਂ ਤੋਂ ਪੁੱਛਗਿੱਛ ਜਾਰੀ ਹੈ।
ਜ਼ਿਕਰਯੋਗ ਹੈ ਕਿ ਸ਼ਹਿਰ ‘ਚ ਮੁਥੂਟ ਫਾਇਨਾਂਸ ‘ਚ ਵਾਪਰੀ ਡਕੈਤੀ ਘਟਨਾਕ੍ਰਮ ਦੀਆਂ ਜੜ੍ਹਾਂ ਅਪਰਾਧ ਦੀ ਦੁਨੀਆ ‘ਚ ਕਾਫੀ ਫੈਲੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਇਸ ਸਬੰਧੀ ਖੁਲਾਸਾ ਹੋਇਆ ਹੈ ਕਿ ਜੇਕਰ ਕਮਿਸ਼ਨਰੇਟ ਪੁਲਿਸ ਇਸ ਗੈਂਗ ਨੂੰ ਨਾ ਫੜਦੀ ਤਾਂ ਸ਼ਾਇਦ ਇਨ੍ਹਾਂ ਵੱਲੋਂ ਕਈ ਹੋਰ ਵੀ ਵਾਰਦਾਤਾਂ ਕੀਤੀਆਂ ਜਾਣੀਆਂ ਸਨ। ਸਾਰੇ ਮੈਂਬਰਾਂ ਦੇ ਕਈ-ਕਈ ਨਾਂ ਹੋਣਾ ਹੀ ਇਨ੍ਹਾਂ ਦੇ ਸ਼ਾਤਿਰ ਹੋਣ ਦਾ ਸਬੂਤ ਹੈ। ਮੁਥੂਟ ਫਾਈਨਾਂਸ ‘ਚ ਡਕੈਤੀ ਕਰਨ ਆਏ ਰੌਸ਼ਨ ਦਾ ਹੱਥ 4 ਅਕਤੂਬਰ 2020 ‘ਚ ਪੱਛਮੀ ਬੰਗਾਲ ‘ਚ ਭਾਜਪਾ ਨੇਤਾ ਮੁਨੀਸ਼ ਸ਼ੁਕਲਾ ਦੇ ਕਤਲ ‘ਚ ਵੀ ਹੈ, ਵੈਸਟ ਬੰਗਾਲ ਦੀ ਪੁਲਸ ਉਸ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲੈ ਕੇ ਜਾ ਰਹੀ ਹੈ।ਇਸ ਦੇ ਨਾਲ ਹੀ ਫਰਾਰ ਹੋਏ ਲੁਟੇਰੇ ਅਲੋਕ ਦਾ ਵੀ ਵੱਡਾ ਅਪਰਾਧਕ ਰਿਕਾਰਡ ਹੈ।