workers stolen factory arrested: ਲੁਧਿਆਣਾ (ਤਰਸੇਮ ਭਾਰਦਵਾਜ)-ਆਈਸ ਫੈਕਟਰੀ ‘ਚੋਂ ਸਾਮਾਨ ਚੋਰੀ ਕਰਨ ਵਾਲੇ ਦੋ ਵਰਕਰਾਂ ਸਮੇਤ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਕਥਿਤ ਦੋਸ਼ੀਆਂ ‘ਚ ਇਕ ਕਬਾੜੀਆ ਵੀ ਸ਼ਾਮਿਲ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜੁਆਇੰਟ ਕਮਿਸ਼ਨਰ ਕੰਵਰਦੀਪ ਕੌਰ ਨੇ ਦੱਸਿਆ ਕਿ ਪੁਲਿਸ ਵਲੋਂ ਇਹ ਕਾਰਵਾਈ ਐੱਸ.ਐੱਚ.ਓ. ਦਵਿੰਦਰ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਅਮਲ ‘ਚ ਲਿਆਂਦੀ ਹੈ ਤੇ ਗ੍ਰਿਫਤਾਰ ਕੀਤੇ ਗਏ ਕਥਿਤ ਦੋਸ਼ੀਆਂ ‘ਚ ਅਨੁਰਾਗ ਤਿਵਾੜੀ ਮੈਨੇਜਰ, ਸੰਤੋਸ਼ ਕੁਮਾਰ ਵਰਕਰ ਤੇ ਕਬਾੜੀਆ ਜੋਗਿੰਦਰ ਰਾਮ ਉਰਫ਼ ਛਿੰਦੀ ਵਾਸੀ ਮਲੇਰਕੋਟਲਾ ਸ਼ਾਮਿਲ ਹਨ।
ਦੱਸਣਯੋਗ ਹੈ ਕਿ ਕਥਿਤ ਦੋਸ਼ੀ ਅਨੁਰਾਗ ਤਿਵਾੜੀ ਕਟਾਣੀ ਕਲਾਂ ਸਥਿਤ ਨਾਮਧਾਰੀ ਆਈਸ ਫੈਕਟਰੀ ਦਾ ਮੈਨੇਜਰ ਹੈ। ਆਈਸ ਫੈਕਟਰੀ ਦਾ ਮਾਲਕ ਸੁਰਮਖ ਸਿੰਘ ਪਿਛਲੇ ਦਿਨੀ ਬੀਮਾਰ ਹੋ ਗਿਆ ਸੀ, ਜਿਸ ਕਾਰਨ ਉਹ ਫੈਕਟਰੀ ‘ਚ ਨਹੀਂ ਆਇਆ। ਇਸ ‘ਤੇ ਉਕਤ ਕਥਿਤ ਦੋਸ਼ੀ ਅਨੁਰਾਗ ਤਿਵਾੜੀ ਨੇ ਬਾਕੀ ਵਰਕਰਾਂ ਨਾਲ ਮਿਲ ਕੇ ਫੈਕਟਰੀ ‘ਚ ਲੱਖਾਂ ਰੁਪਏ ਮੁੱਲ ਦਾ ਸਾਮਾਨ ਚੋਰੀ ਕਰ ਲਿਆ ਤੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਥਿਤ ਦੋਸ਼ੀਆਂ ਨੇ ਚੋਰੀ ਕੀਤੇ ਸਮਾਨ ਨੂੰ ਜਗਦੀਸ਼ ਰਾਮ ਕਬਾੜੀਏ ਨੂੰ ਵੇਚ ਦਿੱਤਾ। ਜਦੋਂ ਮਾਲਕ ਫੈਕਟਰੀ ‘ਚ ਆਇਆ ਤਾਂ ਉਸਨੂੰ ਚੋਰੀ ਬਾਰੇ ਪਤਾ ਲੱਗਾ ਤਾਂ ਉਸ ਨੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਵਲੋਂ ਇਸ ਮਾਮਲੇ ‘ਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ। ਇਨ੍ਹਾਂ ਕਥਿਤ ਦੋਸ਼ੀਆਂ ਵਲੋਂ ਫੈਕਟਰੀ ‘ਚੋਂ 11 ਡੀਪ ਫਰੀਜ਼ਰ, ਤਿੰਨ ਮੋਟਰਾਂ, ਇਕ ਕੂਲਰ, ਗੈਸ ਭੱਟੀ ਤੇ ਹੋਰ ਸਮਾਨ ਚੋਰੀ ਕੀਤਾ ਸੀ। ਪੁਲਿਸ ਵਲੋਂ ਇਨ੍ਹਾਂ ਦੇ ਕਬਜ਼ੇ ‘ਚੋਂ ਭਾਰੀ ਮਾਤਰਾ ‘ਚ ਚੋਰੀ ਕੀਤਾ ਸਾਮਾਨ ਬਰਾਮਦ ਕਰ ਲਿਆ ਹੈ, ਜਦਕਿ ਇਸ ਮਾਮਲੇ ‘ਚ ਪੁਲਿਸ ਵਲੋਂ ਫੈਕਟਰੀ ਦੇ ਕੁਝ ਹੋਰ ਵਰਕਰ ਫਰਾਰ ਹਨ।