youth attack stoned friend death: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕਰਦਿਆਂ ਹੋਇਆ ਇਕ ਅਜਿਹੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੇ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਸਾਥੀ ਦਾ ਕਤਲ ਕਰ ਦਿੱਤਾ ਸੀ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਜਰਨੈਲ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਡੀ.ਸੀ. ਦਫਤਰ ਦੇ ਸਾਹਮਣੇ ਖਾਲੀ ਪਲਾਟ ‘ਚ ਇਕ ਨੌਜਵਾਨ ਦੀ ਲਾਸ਼ ਪਈ ਹੈ। ਉਨ੍ਹਾਂ ਨੇ ਦੱਸਿਆ ਕਿ ਸੂਚਨਾ ਮਿਲਣ ‘ਤੇ ਜਦੋਂ ਪੁਲਿਸ ਮੁਲਾਜ਼ਮ ਅਤੇ ਉਹ ਖੁਦ ਮੌਕੇ ‘ਤੇ ਪਹੁੰਚੇ ਤਾਂ ਉਥੇ ਖੂਨ ਨਾਲ ਲੱਥਪੱਥ ਲਾਸ਼ ਜ਼ਮੀਨ ‘ਤੇ ਪਈ ਸੀ। ਉਨ੍ਹਾਂ ਦੱਸਿਆ ਕਿ ਆਸਪਾਸ ਲੋਕਾਂ ਤੋਂ ਜਦੋਂ ਇਸ ਸੰਬੰਧੀ ਪੁੱਛਿਆ ਗਿਆ ਤਾਂ ਉਥੇ ਮੌਜੂਦ ਕੁਝ ਵਿਅਕਤੀਆਂ ਨੇ ਦੱਸਿਆ ਕਿ ਇਹ ਲਾਸ਼ ਮ੍ਰਿਤਕ ਪੰਡਿਤ ਉਰਫ਼ ਕਾਂਸਾ (30) ਦੀ ਹੈ। ਪੁਲਿਸ ਨੇ ਲਾਸ਼ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕੀਤੀ ਤਾਂ ਜਾਂਚ ਦੌਰਾਨ ਇਹ ਤੱਥ ਸਾਹਮਣੇ ਆਏ ਕਿ ਪੰਡਿਤ ਉਰਫ ਕਾਂਸਾ ਦਾ ਪਿਛਲੇ ਕੁਝ ਸਮੇਂ ਤੋਂ ਆਪਣੇ ਸਾਥੀ ਬਿੱਟੂ ਟੋਪੇ ਵਾਸੀ ਉੜੀਸਾ ਨਾਲ ਵਿਵਾਦ ਚੱਲ ਰਿਹਾ ਸੀ।
ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਮ੍ਰਿਤਕ ਇਕੱਲਾ ਹੀ ਇੱਥੇ ਰਹਿੰਦਾ ਸੀ ਅਤੇ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰ ਰਿਹਾ ਸੀ। ਪੰਡਿਤ ਅਤੇ ਬਿੱਟੂ ਦੋਵੇਂ ਹੀ ਸੜਕਾਂ ‘ਤੇ ਹੀ ਰਾਤ ਗੁਜ਼ਾਰਦੇ ਸਨ। ਬੀਤੇ ਦਿਨ ਐਤਵਾਰ ਨੂੰ ਪੰਡਿਤ ਬਿੱਟੂ ਦਾ ਕੱਪੜਿਆਂ ਵਾਲਾ ਬੈਗ ਚੁੱਕ ਕੇ ਲੈ ਗਿਆ ਅਤੇ ਸੋਮਵਾਰ ਨੂੰ ਜਦੋਂ ਆਇਆ ਤਾਂ ਉਸ ਨੇ ਬਿੱਟੂ ਦੇ ਕੱਪੜੇ ਪਹਿਨੇ ਹੋਏ ਸੀ। ਇਸ ਤੋਂ ਬਾਅਦ ਦੋਸ਼ੀ ਨੂੰ ਕਾਫੀ ਗੁੱਸਾ ਆਇਆ। ਰਾਤ ਨੂੰ ਪੰਡਤ ਸੌ ਗਿਆ, ਜਦਕਿ ਬਿੱਟੂ ਸ਼ਰਾਬ ਪੀਂਦਾ ਰਿਹਾ ਸੀ, ਸ਼ਰਾਬ ਦੇ ਨਸ਼ੇ ‘ਚ ਬਿੱਟੂ ਨੇ ਕੋਲ ਪਿਆ ਭਾਰਾ ਪੱਥਰ ਪੰਡਤ ਦੇ ਸਿਰ ‘ਤੇ ਮਾਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਘਟਨਾ ਦੀ ਦੇਰ ਰਾਤ ਕਿਸੇ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ। ਮੌਕੇ ਤੇ ਪਹੁੰਚੀ ਪੁਲਿਸ ਨੇ ਦੋਸ਼ੀ ਨੂੰ ਕਾਬੂ ਕਰ ਲਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਥਿਤ ਦੋਸ਼ੀ ਖਿਲਾਫ ਧਾਰਾ 302 ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਪੁਲਿਸ ਵਲੋਂ ਮ੍ਰਿਤਕ ਦੇ ਵਾਰਸਾਂ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ।