youth involved farm movement dies: ਲੁਧਿਆਣਾ (ਤਰਸੇਮ ਭਾਰਦਵਾਜ)- ਕੜਾਕੇ ਦੀ ਠੰਡ ‘ਚ ਦਿੱਲੀ ਦੀਆਂ ਬਰੂਹਾਂ ‘ਤੇ ਬੈਠੇ ਕਿਸਾਨਾ ਦਾ ਸੰਘਰਸ਼ 56ਵੇਂ ਦਿਨ ‘ਚ ਪ੍ਰਵੇਸ਼ ਕਰ ਚੁੱਕਿਆ ਹੈ ਪਰ ਜ਼ਾਲਮ ਸਰਕਾਰਾਂ ਵੱਲੋਂ ਹਾਲੇ ਤੱਕ ਕੋਈ ਹੱਲ ਨਹੀਂ ਕੱਢਿਆ ਗਿਆ ਹੈ। ਇਸ ਮਹਾਂਘੋਲ ‘ਚ ਜਿੱਥੇ ਸਮਾਜ ਦਾ ਹਰ ਤਬਕਾ ਅੱਗੇ ਆ ਕੇ ਸਮਰੱਥਨ ਦੇ ਰਿਹਾ ਹੈ, ਉੱਥੇ ਹੀ ਹੁਣ ਤਕ ਕਈ ਕਿਸਾਨ ਆਪਣੀ ਜਿੰਦਗੀ ਸੰਘਰਸ਼ ਦੇ ਲੇਖੇ ਲਾ ਚੁੱਕੇ ਹਨ। ਜਿਸ ਦੇ ਚੱਲਦਿਆਂ ਕੇਂਦਰ ਦੇ ਮਾਰੂ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ਤੇ ਚੱਲ ਰਹੇ ਕਿਸਾਨਾਂ ਦੇ ਸੰਘਰਸ਼ ਦੌਰਾਨ ਇਕ ਹੋਰ ਬੁਰੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਕਿਸਾਨੀ ਸੰਘਰਸ਼ ਦੌਰਾਨ ਹੁਣ ਲੁਧਿਆਣਾ ਜ਼ਿਲ੍ਹੇ ਦੇ ਇਕ ਨੌਜਵਾਨ ਦੀ ਮੌਤ ਗਈ ਹੈ। ਮ੍ਰਿਤਕ ਦੀ ਪਛਾਣ ਮੁੱਲਾਂਪੁਰ ਦਾਖਾ ਦੇ ਪਿੰਡ ਢੱਟ ਦੇ ਰਹਿਣ ਵਾਲੇ 34 ਸਾਲ ਨੌਜਵਾਨ ਬੱਬੂ ਦੇ ਨਾਂ ਨਾਲ ਹੋਈ।
ਦੱਸ ਦੇਈਏ ਕਿ ਮ੍ਰਿਤਕ 14 ਤਾਰੀਕ ਨੂੰ ਦਿੱਲੀ ਅੰਦੋਲਨ ਲਈ ਗਿਆ ਹੋਇਆ ਸੀ, ਜਿੱਥੇ ਤਬੀਅਤ ਖਰਾਬ ਹੋਣ ਕਾਰਨ ਉਸ ਨੂੰ ਨੇੜੇ ਦੇ ਹਸਪਤਾਲ ਭਰਤੀ ਕਰਵਾਇਆ ਗਿਆ ਪਰ ਉੱਥੇ ਉਸ ਦੀ ਮੌਤ ਹੋ ਗਈ। ਸ਼ੁਰੂਆਤੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਦਿਲ ਦਾ ਦੌਰਾ ਪੈਣ ਕਾਰਨ ਨੌਜਵਾਨ ਦੀ ਮੌਤ ਹੋ ਗਈ। ਉਧਰ ਨੌਜਵਾਨ ਦੀ ਮੌਤ ਨੂੰ ਲੈ ਕੇ ਪੂਰੇ ਪਿੰਡ ‘ਚ ਹੁਣ ਸੋਗ ਦੀ ਲਹਿਰ ਛਾ ਗਈ ਹੈ ਤੇ ਸਾਰਾ ਪਿੰਡ ਮੋਦੀ ਸਰਕਾਰ ਦੀਆਂ ਗ਼ਲਤ ਨੀਤੀਆਂ ਦੀ ਨਿੰਦਾ ਕਰਦਾ ਹੋਇਆ ਲਾਹਨਤਾਂ ਪਾ ਰਿਹਾ ਹੈ। ਪਰਿਵਾਰ ਦੀ ਗੱਲ ਕਰੀਏ ਤਾਂ ਮ੍ਰਿਤਕ ਦੇ ਪਰਿਵਾਰ ‘ਚ ਮਾਤਾ-ਪਿਤਾ, ਭਰਾ ਅਤੇ ਪਤਨੀ ਸਮੇਤ 5 ਸਾਲਾਂ ਬੱਚਾ ਛੱਡ ਗਿਆ ਹੈ।
ਦੱਸਣਯੋਗ ਹੈ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦੇ ਮਹਾਂਘੋਲ ਜਾਰੀ ਹੈ। ਹੁਣ ਤੱਕ ਕਿਸਾਨਾਂ ਅਤੇ ਸਰਕਾਰ ਵਿਚਾਲੇ 10ਵੇਂ ਦੌਰ ਦੀ ਗੱਲਬਾਤ ਹੋ ਚੁੱਕੀ ਹੈ, ਜੋ ਕਿ ਹੁਣ ਤੱਕ ਬੇਨਤੀਜਾ ਰਹੀ ਹੈ। ਇਕ ਪਾਸੇ ਕਿਸਾਨ ਜਿੱਥੇ ਕਾਨੂੰਨ ਰੱਦ ਕਰਵਾਉਣ ਦੀ ਮੰਗ ਕਰ ਰਹੇ ਹਨ ਜਦਕਿ ਸਰਕਾਰ ਅਜੇ ਵੀ ਕਾਨੂੰਨ ਲਾਗੂ ਰੱਖਣ ਲਈ ਅੜੀ ਹੋਈ ਹੈ।
ਇਹ ਵੀ ਦੇਖੋ—