Youth Leaders of Akali Dal protest: ਲੁਧਿਆਣਾ (ਤਰਸੇਮ ਭਾਰਦਵਾਜ)- ਐੱਸ.ਸੀ. ਸਕਾਲਰਸ਼ਿਪ ਮਾਮਲੇ ‘ਚ ਕਥਿਤ ਤੌਰ ‘ਤੇ ਘਪਲੇਬਾਜ਼ੀ ਦੇ ਦੋਸ਼ਾਂ ਤਹਿਤ ਮੰਤਰੀ ਸਾਧੂ ਸਿੰਘ ਧਰਮਸੋਤ ਖਿਲਾਫ ਲਗਾਤਾਰ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਹੁਣ ਇਸ ਦੇ ਤਹਿਤ ਲੁਧਿਆਣਾ ਦੇ ਮਿਨੀ ਸਕੱਤਰੇਤ ਦੇ ਬਾਹਰ ਅਕਾਲੀ ਦਲ ਯੂਥ ਨੇਤਾਵਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਇਸ ਦੌਰਾਨ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਪੂਤਲਾ ਫੂਕਿਆ।
ਪ੍ਰਦਰਸ਼ਨ ਦੌਰਾਨ ਅਕਾਲੀ ਨੇਤਾ ਸਤਨਾਮ ਕੈਲੇ ਅਤੇ ਯੂਥ ਨੇਤਾ ਬੇਦੀ ਨੇ ਦੱਸਿਆ ਕਿ ਐੱਮ.ਪੀ. ਸਕਾਲਰਸ਼ਿਪ ਮਾਮਲੇ ‘ਚ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਮੰਤਰੀ ਅਹੁਦੇ ਤੋਂ ਉਤਾਰਿਆ ਜਾਵੇ। ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਹੈ ਕਿ ਕਾਂਗਰਸ ਸਰਕਾਰ ਘਪਲੇਬਾਜ਼ੀ ਦੀ ਸਰਕਾਰ ਹੈ ਅਤੇ ਇਨ੍ਹਾਂ ਘਪਲਿਆਂ ਕਾਰਨ ਭਵਿੱਖ ‘ਚ ਕਾਂਗਰਸ ਪਾਰਟੀ 20 ਸਾਲ ਤੱਕ ਸੱਤਾ ‘ਚ ਆਉਣ ਲਈ ਤਰਸੇਗੀ।
ਇਸ ਘੋਟਾਲੇ ਦੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸੀ.ਬੀ.ਆਈ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਇਸ ਦੇ ਲਈ ਉਨ੍ਹਾਂ ਨੇ ਕੇਂਦਰ ਦੇ ਸੋਸ਼ਲ ਜਸਟਿਸ ਅਤੇ ਵੈਲਫੇਅਰ ਮਿਨਸਿਟਰ ਨੂੰ ਵੀ ਚਿੱਠੀ ਲਿਖੀ। ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਕੈਪਟਨ ਸਰਕਾਰ ਹਰ ਫ੍ਰੰਟ ਤੋਂ ਫੇਲ ਹੋ ਚੁੱਕੀ ਹੈ, ਜੋ ਪੰਜਾਬ ‘ਚ ਹੋਏ ਘੋਟਾਲਿਆਂ ‘ਚ ਆਪਣੇ ਲੋਕਾਂ ਨੂੰ ਬਚਾਉਣ ਲਈ ਕਲੀਨਚਿੱਟ ਦੇਣ ‘ਚ ਲੱਗੀ ਹੋਈ ਹੈ।
ਜ਼ਿਕਰਯੋਗ ਹੈ ਕਿ ਕੇਂਦਰੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਯੋਜਨਾ ਦੌਰਾਨ ਪੰਜਾਬ ‘ਚ 63.91 ਕਰੋੜ ਰੁਪਏ ਦਾ ਘੋਟਾਲਾ ਹੋਇਆ ਸੀ, ਜਿਸਦਾ ਦੋਸ਼ ਸਮਾਜਿਕ ਨਿਆਂ ਸ਼ਕਤੀ ਅਤੇ ਘੱਟ ਗਿਣਤੀ ਵਿਭਾਗ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਉਕਤ ਵਿਭਾਗ ਦੇ ਅਧਿਕਾਰੀਆਂ ‘ਤੇ ਲੱਗੇ ਹਨ। ਘੋਟਾਲੇ ਦੇ ਸਬੰਧ ‘ਚ ਵਿਭਾਗ ਦੇ ਐਡੀਸ਼ਨਲ ਚੀਫ ਸੈਕਟਰੀ ਕ੍ਰਿਪਾ ਸ਼ੰਕਰ ਸਰੋਜ ਨੇ ਆਪਣੀ ਜਾਂਚ ਰਿਪੋਰਟ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਭੇਜੀ ਹੈ। ਉਸ ‘ਚ ਮੰਤਰੀ ਧਰਮਸੋਤ ਅਤੇ ਵਿਭਾਗ ਦੇ ਡਿਪਟੀ ਡਾਇਰੈਕਟਰ ਵੱਲੋਂ ਕੀਤੀ ਗਈ ਅਨਿਯਮਿਤਤਾਵਾਂ ਦਾ ਜ਼ਿਕਰ ਕਰਦੇ ਹੋਏ ਇਸ ਮਾਮਲੇ ‘ਚ ਜਲਦ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ ਕਿਉਂਕਿ ਮਾਮਲਾ ਕੇਂਦਰ ਤੋਂ ਮਿਲਣ ਵਾਲੇ ਫੰਡ ਨਾਲ ਜੁੜਿਆ ਹੋਇਆ ਹੈ।